ਤਾਜਾ ਖਬਰਾਂ
ਰਵਾਨਗੀ ਤੋਂ ਪਹਿਲਾਂ ਸਜੇ ਧਾਰਮਿਕ ਦੀਵਾਨ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਸੰਗਤ ਨਾਲ ਕਥਾ-ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਸੰਗਤਾਂ ਨੂੰ ਗੁਰਮਤਿ ਦੇ ਮਾਰਗ ’ਤੇ ਚੱਲਣ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਥ ਨੂੰ ਕਮਜ਼ੋਰ ਕਰਨ ਲਈ ਸਮੇਂ-ਸਮੇਂ ’ਤੇ ਕਈ ਚੁਣੌਤੀਆਂ ਅਤੇ ਸਾਜ਼ਿਸ਼ਾਂ ਸਾਹਮਣੇ ਆਉਂਦੀਆਂ ਰਹੀਆਂ ਹਨ, ਪਰ ਸਿੱਖ ਪੰਥ ਗੁਰੂ ਦਾ ਹੈ ਅਤੇ ਇਸ ਨੂੰ ਕਦੇ ਵੀ ਕਮਜ਼ੋਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਖਾਸ ਤੌਰ ’ਤੇ ਨੌਜਵਾਨ ਪੀੜ੍ਹੀ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ ’ਤੇ ਚਿੰਤਾ ਪ੍ਰਗਟਾਈ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਿਰਫ਼ ਸਰਕਾਰੀ ਦਾਅਵਿਆਂ ’ਤੇ ਨਿਰਭਰ ਰਹਿਣ ਦੀ ਬਜਾਏ ਸਮਾਜ ਦੇ ਹਰ ਵਰਗ ਨੂੰ ਇਕਜੁੱਟ ਹੋ ਕੇ ਇਸ ਦੇ ਵਿਰੁੱਧ ਖੜ੍ਹਨਾ ਪਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਲਈ ਦੋਸ਼ੀ ਠਹਿਰਾਉਣ ਦੀ ਥਾਂ ਉਨ੍ਹਾਂ ਨੂੰ ਇਸ ਬੁਰਾਈ ਤੋਂ ਬਚਾਉਣਾ ਅਤੇ ਮੁੜ ਗੁਰੂ ਦੇ ਲੜ ਲਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੀਰੀ-ਪੀਰੀ ਖਾਲਸਾ ਮਾਰਚ ਦਾ ਉਦੇਸ਼ ਗੁਰਮਤਿ ਪ੍ਰਚਾਰ ਦੇ ਨਾਲ-ਨਾਲ ਸੰਗਤਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਤੋਂ ਜਾਣੂ ਕਰਵਾਉਣਾ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਸਿੱਖੀ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਵੀ ਮਾਰਚ ਦਾ ਮੁੱਖ ਮਕਸਦ ਹੈ।
ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਸਿਰਫ਼ ਇੱਕ ਸ਼ਬਦ ਨਹੀਂ, ਸਗੋਂ ਸਿੱਖ ਜੀਵਨ ਦਾ ਬੁਨਿਆਦੀ ਸਿਧਾਂਤ ਹੈ। ਗੁਰੂ ਸਾਹਿਬਾਨ ਨੇ ਇਸ ਸਿਧਾਂਤ ਰਾਹੀਂ ਸਿੱਖ ਨੂੰ ਅਧਿਆਤਮਿਕਤਾ ਦੇ ਨਾਲ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਅਤੇ ਸੱਚ ਦੇ ਹੱਕ ਵਿੱਚ ਖੜ੍ਹਨ ਦਾ ਮਾਰਗ ਦਿਖਾਇਆ ਹੈ। ਉਨ੍ਹਾਂ ਦੱਸਿਆ ਕਿ ਖਾਲਸਾ ਮਾਰਚ ਦੀ ਸੰਪੂਰਨਤਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਹਲਕਿਆਂ ਵਿੱਚ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਏ ਜਾਣਗੇ।
ਮਾਰਚ ਦੇ ਵੱਖ-ਵੱਖ ਪੜਾਵਾਂ ’ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਰਸਤਿਆਂ ਵਿੱਚ ਸਜਾਵਟੀ ਗੇਟ ਬਣਾਏ ਗਏ ਅਤੇ ਸੰਗਤਾਂ ਵੱਲੋਂ ਲੰਗਰ ਵੀ ਲਗਾਏ ਗਏ। ਇਸ ਦੌਰਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨੌਜਵਾਨਾਂ ਨੂੰ ਸਾਬਤ-ਸੂਰਤ ਰਹਿਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਕਈ ਨੌਜਵਾਨਾਂ ਨੇ ਸਿੱਖੀ ਸਰੂਪ ਵਿੱਚ ਵਾਪਸ ਆਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਵੀ ਲਿਆ।
ਖਾਲਸਾ ਮਾਰਚ ਦੇ ਨਾਲ ਚੱਲ ਰਹੀ ਗੁਰੂ ਸਾਹਿਬਾਨ ਦੇ ਇਤਿਹਾਸਕ ਸ਼ਸਤਰਾਂ ਵਾਲੀ ਬੱਸ ਵੀ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ ਅਤੇ ਇਸ ਪ੍ਰਤੀ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
Get all latest content delivered to your email a few times a month.