ਤਾਜਾ ਖਬਰਾਂ
ਜ਼ਿਲ੍ਹਾ ਮੋਗਾ ਦੇ ਅਧੀਨ ਆਉਂਦੇ ਮੋਗਾ-ਲੁਧਿਆਣਾ ਹਾਈਵੇ 'ਤੇ ਸਥਿਤ ਪਿੰਡ ਕਿੱਲੀ ਚਾਹਲਾਂ ਤੋਂ ਇੱਕ ਬੇਹੱਦ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਚੋਰਾਂ ਦੇ ਬੁਲੰਦ ਹੌਸਲਿਆਂ ਦੀ ਤਸਵੀਰ ਦੇਖਣ ਨੂੰ ਮਿਲੀ। ਪਿੰਡ ਦੇ ਇਤਿਹਾਸਕ ਗੁਰਦੁਆਰਾ ਜੋਗੀ ਪੀਰ ਸਾਹਿਬ ਵਿਖੇ ਦਿਨ-ਦਿਹਾੜੇ ਅਣਪਛਾਤੇ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਰੱਖੇ ਗੱਲੇ (ਗੋਲਕ) ਚੋਰੀ ਕਰਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪੂਰੀ ਸ਼ਰਮਨਾਕ ਵਾਰਦਾਤ ਉੱਥੇ ਲੱਗੇ ਸੀਸੀਟੀਵੀ (CCTV) ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਜਾਣਕਾਰੀ ਮੁਤਾਬਕ ਵਾਰਦਾਤ ਤੋਂ ਬਾਅਦ ਇਲਾਕਾ ਨਿਵਾਸੀਆਂ ਅਤੇ ਸੰਗਤ ਵਿੱਚ ਡਾਢਾ ਰੋਸ ਪਾਇਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਦੀ ਪੰਚਾਇਤ ਅਤੇ ਸਥਾਨਕ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਸੁਰੱਖਿਆ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਗਏ ਹਨ।
"ਗੁਰੂ ਘਰ ਵਿੱਚੋਂ ਗੋਲਕ ਚੋਰੀ ਹੋਣ ਦਾ ਪਤਾ ਵਾਰਦਾਤ ਦੇ ਤੀਜੇ ਦਿਨ ਲੱਗਣਾ ਬੇਹੱਦ ਅਫ਼ਸੋਸਜਨਕ ਅਤੇ ਚਿੰਤਾਜਨਕ ਹੈ। ਜੇਕਰ ਉਸੇ ਦਿਨ ਨਿਗਰਾਨੀ ਕੀਤੀ ਜਾਂਦੀ ਤਾਂ ਮਾਮਲਾ ਤੁਰੰਤ ਸਾਹਮਣੇ ਆ ਸਕਦਾ ਸੀ। ਇਹ ਸੁਰੱਖਿਆ ਪ੍ਰਬੰਧਾਂ ਵਿੱਚ ਵੱਡੀ ਅਣਗਹਿਲੀ ਹੈ। ਜੇਕਰ ਕੋਈ ਸ਼ਰਾਰਤੀ ਅਨਸਰ ਅੰਦਰ ਦਾਖ਼ਲ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਨੁਕਸਾਨ ਪਹੁੰਚਾ ਦਿੰਦਾ, ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ? ਗੁਰੂ ਘਰ ਦੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਤੁਰੰਤ ਕੀਤੇ ਜਾਣੇ ਚਾਹੀਦੇ ਹਨ।"
ਦੂਜੇ ਪਾਸੇ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਘਟਨਾ ਵਾਲੇ ਦਿਨ ਗੁਰੂ ਘਰ ਵਿਖੇ ਸਹਿਜ ਪਾਠ ਦਾ ਭੋਗ ਪਾਇਆ ਗਿਆ ਸੀ। ਭੋਗ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਚਲੇ ਗਏ ਸਨ। ਇਸੇ ਦੌਰਾਨ ਬਾਹਰ ਮੌਕਾ ਤਾੜ ਕੇ ਮੋਟਰਸਾਈਕਲ 'ਤੇ ਆਏ ਅਣਪਛਾਤੇ ਨਕਾਬਪੋਸ਼ ਗੋਲਕ ਚੁੱਕ ਕੇ ਰਫ਼ੂ-ਚੱਕਰ ਹੋ ਗਏ।
ਮਾਮਲੇ ਸਬੰਧੀ ਥਾਣਾ ਅਜੀਤਵਾਲ ਦੇ ਮੁੱਖ ਅਫ਼ਸਰ (SHO) ਜਸਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਅੱਜ ਪੁਲਿਸ ਨੂੰ ਚੋਰੀ ਦੀ ਘਟਨਾ ਬਾਰੇ ਇਤਲਾਹ ਦਿੱਤੀ ਗਈ ਹੈ। ਪੁਲਿਸ ਟੀਮ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ ਹੈ।
ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਚੋਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰਕੇ ਸਲਾਖ਼ਾਂ ਪਿੱਛੇ ਭੇਜਿਆ ਜਾਵੇਗਾ।
Get all latest content delivered to your email a few times a month.