ਤਾਜਾ ਖਬਰਾਂ
ਚਾਕੂ ਦੀ ਨੋਕ 'ਤੇ ਔਰਤ ਨੂੰ ਅਗ਼ਵਾ ਕਰਕੇ ਜ਼ਬਰ-ਜਨਾਹ ਕਰਨ ਦੇ ਮਾਮਲੇ 'ਚ ਸਜ਼ਾ ਕੱਟ ਰਹੇ 55 ਸਾਲਾ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ ਗੁਰਮੀਤ ਸਿੰਘ ਨੂੰ ਅਮਰੀਕੀ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਅਮਰੀਕੀ ਨਿਆਂ ਵਿਭਾਗ ਨੇ ਧੋਖਾਧੜੀ ਨਾਲ ਹਾਸਲ ਕੀਤੀ ਗਈ ਉਸ ਦੀ ਅਮਰੀਕੀ ਨਾਗਰਿਕਤਾ ਰੱਦ ਕਰ ਦਿੱਤੀ ਹੈ। ਦੋਸ਼ੀ ਫਿਲਹਾਲ ਨਿਊਯਾਰਕ ਦੀ ਸ਼ਵਾਨਗੰਕ ਜੇਲ੍ਹ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਭੁਗਤ ਰਿਹਾ ਹੈ।
'ਨਿਊਯਾਰਕ ਪੋਸਟ' ਦੀ ਰਿਪੋਰਟ ਅਨੁਸਾਰ, ਮਈ 2011 ਵਿੱਚ ਗੁਰਮੀਤ ਸਿੰਘ ਨੇ ਵਿਲੀਅਮਜ਼ਬਰਗ ਤੋਂ ਆਪਣੇ ਅਪਾਰਟਮੈਂਟ ਜਾ ਰਹੀ ਇੱਕ ਮਹਿਲਾ ਯਾਤਰੀ ਨੂੰ ਚਾਕੂ ਦੀ ਨੋਕ 'ਤੇ ਅਗ਼ਵਾ ਕੀਤਾ। ਸਰਕਾਰੀ ਵਕੀਲਾਂ ਮੁਤਾਬਕ ਉਸ ਨੇ ਔਰਤ ਨੂੰ ਧਮਕਾਇਆ, ਅੱਖਾਂ 'ਤੇ ਪੱਟੀ ਬੰਨ੍ਹੀ, ਗਲਾ ਘੁੱਟ ਕੇ ਹਿੰਸਕ ਜਿਨਸੀ ਹਮਲਾ ਕੀਤਾ ਅਤੇ ਫਿਰ ਫਰਾਰ ਹੋ ਗਿਆ। ਇਸ ਵਾਰਦਾਤ ਦੇ ਕੁਝ ਹੀ ਹਫ਼ਤਿਆਂ ਬਾਅਦ ਉਸ ਨੇ ਆਪਣੇ ਅਪਰਾਧਿਕ ਰਿਕਾਰਡ ਨੂੰ ਛੁਪਾਉਂਦਿਆਂ ਨੈਚੁਰਲਾਈਜ਼ੇਸ਼ਨ ਰਾਹੀਂ 19 ਅਕਤੂਬਰ, 2011 ਨੂੰ ਅਮਰੀਕੀ ਨਾਗਰਿਕਤਾ ਹਾਸਲ ਕਰ ਲਈ ਸੀ। ਅਦਾਲਤ ਨੇ ਉਸ ਨੂੰ 2014 ਵਿੱਚ ਦੋਸ਼ੀ ਠਹਿਰਾਇਆ ਸੀ।
ਗੁਰਮੀਤ ਸਿੰਘ ਫਰਵਰੀ 1992 ਵਿੱਚ 6 ਮਹੀਨੇ ਦੇ ਵਿਜ਼ਿਟਰ ਵੀਜ਼ੇ 'ਤੇ ਅਮਰੀਕਾ ਗਿਆ ਸੀ ਅਤੇ ਕਈ ਸਾਲ ਗੈਰ-ਕਾਨੂੰਨੀ ਤੌਰ 'ਤੇ ਰਹਿਣ ਤੋਂ ਬਾਅਦ ਜੂਨ 2000 ਵਿੱਚ ਉਸ ਨੂੰ ਗ੍ਰੀਨ ਕਾਰਡ ਮਿਲਿਆ ਸੀ। ਨਿਆਂ ਵਿਭਾਗ ਦੇ ਸਹਾਇਕ ਅਟਾਰਨੀ ਜਨਰਲ ਬ੍ਰੈਟ ਏ. ਸ਼ੂਮੇਟ ਨੇ ਸਪੱਸ਼ਟ ਕੀਤਾ ਕਿ ਇਮੀਗ੍ਰੇਸ਼ਨ ਸਿਸਟਮ ਨਾਲ ਧੋਖਾਧੜੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਬਰੁਕਲਿਨ ਅਦਾਲਤ ਦੇ ਜੱਜ ਨਿਕੋਲਸ ਗੈਰਾਉਫਿਸ ਨੇ ਗੁਰਮੀਤ ਸਿੰਘ ਨੂੰ 16 ਸਤੰਬਰ ਤੱਕ ਆਪਣੇ ਸਾਰੇ ਨਾਗਰਿਕਤਾ ਦਸਤਾਵੇਜ਼ ਅਤੇ ਅਮਰੀਕੀ ਪਾਸਪੋਰਟ ਜਮ੍ਹਾਂ ਕਰਵਾਉਣ ਦਾ ਹੁਕਮ ਦਿੱਤਾ ਹੈ।
Get all latest content delivered to your email a few times a month.