IMG-LOGO
ਹੋਮ ਪੰਜਾਬ, ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਚੋਣਾਂ ’ਚ ABVP ਦਾ ਦਬਦਬਾ ਕਾਇਮ, ਅੰਕਿਤ ਬਿਢਾਨ...

ਪੰਜਾਬ ਯੂਨੀਵਰਸਿਟੀ ਚੋਣਾਂ ’ਚ ABVP ਦਾ ਦਬਦਬਾ ਕਾਇਮ, ਅੰਕਿਤ ਬਿਢਾਨ ਮੁੜ ਬਣੇ ਪ੍ਰਧਾਨ; CYSS ਦੂਜੇ ਤੇ NSUI ਤੀਜੇ ਸਥਾਨ ’ਤੇ

Admin User - Aug 31, 2026 08:06 PM
IMG

ਪੰਜਾਬ ਯੂਨੀਵਰਸਿਟੀ (ਪੀ.ਯੂ.) ਚੰਡੀਗੜ੍ਹ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਨੇ ਇੱਕ ਵਾਰ ਫਿਰ ਆਪਣਾ ਦਬਦਬਾ ਕਾਇਮ ਕਰ ਲਿਆ ਹੈ। ABVP ਦੇ ਉਮੀਦਵਾਰ ਅੰਕਿਤ ਬਿਢਾਨ ਨੇ ਪ੍ਰਧਾਨਗੀ ਦੇ ਅਹੁਦੇ ’ਤੇ ਜਿੱਤ ਦਰਜ ਕਰਦਿਆਂ ਲਗਾਤਾਰ ਦੂਜੀ ਵਾਰ ਜਥੇਬੰਦੀ ਨੂੰ ਇਹ ਅਹੁਦਾ ਦਿਵਾਇਆ ਹੈ। ਅੰਕਿਤ ਬਿਢਾਨ ਨੂੰ ਕੁੱਲ 2,879 ਵੋਟਾਂ ਪ੍ਰਾਪਤ ਹੋਈਆਂ।

ਚੋਣ ਨਤੀਜਿਆਂ ਵਿੱਚ CYSS ਦੂਜੇ ਅਤੇ NSUI ਤੀਜੇ ਸਥਾਨ ’ਤੇ ਰਹੀ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨਾਲ ਜੋੜੀ ਜਾਂਦੀ ਵਿਦਿਆਰਥੀ ਜਥੇਬੰਦੀ ‘ਸੱਥ’ ਨੂੰ ਇਸ ਵਾਰ ਵੱਡਾ ਝਟਕਾ ਲੱਗਾ ਹੈ। ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਵਿਦਿਆਰਥੀਆਂ ਦੇ ਫ਼ੈਸਲੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ।

ਅੰਕਿਤ ਬਿਢਾਨ ਮੂਲ ਰੂਪ ਵਿੱਚ ਹਰਿਆਣਾ ਦੇ ਜ਼ਿਲ੍ਹਾ ਜੀਂਦ ਨਾਲ ਸਬੰਧਤ ਹਨ। ਉਨ੍ਹਾਂ ਨੇ ਜੀਂਦ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਤੋਂ ਲਾਅ ਦੀ ਪੜ੍ਹਾਈ ਕੀਤੀ। ਇਸ ਸਮੇਂ ਉਹ ਪੰਜਾਬ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਦ ਸਟੱਡੀ ਆਫ਼ ਸੋਸ਼ਲ ਇਨਕਲੂਜ਼ਨ ਵਿੱਚ ਰਿਸਰਚ ਸਕਾਲਰ ਵਜੋਂ ਪੀ.ਐੱਚ.ਡੀ. ਕਰ ਰਹੇ ਹਨ।

ਜਿੱਤ ਤੋਂ ਬਾਅਦ ਅੰਕਿਤ ਬਿਢਾਨ ਨੇ ਕਿਹਾ ਕਿ ਇਹ ਜਿੱਤ ਸਿਰਫ਼ ਉਨ੍ਹਾਂ ਦੀ ਨਿੱਜੀ ਜਿੱਤ ਨਹੀਂ, ਬਲਕਿ ਨੌਜਵਾਨ ਪੀੜ੍ਹੀ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਚੋਣ ਨਤੀਜਿਆਂ ਨੇ ਨੌਜਵਾਨਾਂ ਦੇ ABVP ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਪ੍ਰਤੀ ਭਰੋਸੇ ਨੂੰ ਦਰਸਾਇਆ ਹੈ।

ਉਨ੍ਹਾਂ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਂਪਸ ਨਾਲ ਜੁੜੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਉਠਾਉਣਾ ਅਤੇ ਉਨ੍ਹਾਂ ਦੇ ਹੱਲ ਲਈ ਕੰਮ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਰਹੇਗੀ। ਅੰਕਿਤ ਬਿਢਾਨ ਸਾਲ 2021 ਤੋਂ ABVP ਨਾਲ ਸਰਗਰਮੀ ਨਾਲ ਜੁੜੇ ਹੋਏ ਹਨ।

ਚੋਣਾਂ ਤੋਂ ਪਹਿਲਾਂ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (SOI) ਵੱਲੋਂ ਅੰਕਿਤ ਬਿਢਾਨ ਨੂੰ ਸਮਰਥਨ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ। ਇਸ ਸਮਰਥਨ ਨੂੰ ਉਨ੍ਹਾਂ ਦੀ ਚੋਣ ਮੁਹਿੰਮ ਲਈ ਅਹਿਮ ਮੰਨਿਆ ਗਿਆ। ਨਤੀਜਿਆਂ ਤੋਂ ਬਾਅਦ ABVP ਇਸ ਜਿੱਤ ਨੂੰ ਵਿਦਿਆਰਥੀ ਰਾਜਨੀਤੀ ਦੇ ਨਾਲ-ਨਾਲ ਵੱਡੇ ਸਿਆਸੀ ਸੰਕੇਤ ਵਜੋਂ ਵੀ ਦੇਖ ਰਹੀ ਹੈ।

ਪੰਜਾਬ ਯੂਨੀਵਰਸਿਟੀ ਵਿੱਚ ABVP ਲਈ ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਉਸ ਦਾ ਉਮੀਦਵਾਰ ਪ੍ਰਧਾਨ ਬਣਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ABVP ਦੇ ਗੌਰਵ ਵੀਰ ਸੋਹਲ ਨੇ ਪ੍ਰਧਾਨਗੀ ਦਾ ਅਹੁਦਾ ਜਿੱਤ ਕੇ ਯੂਨੀਵਰਸਿਟੀ ਦੀ ਵਿਦਿਆਰਥੀ ਰਾਜਨੀਤੀ ਵਿੱਚ ਜਥੇਬੰਦੀ ਦੀ ਪਹਿਲੀ ਇਤਿਹਾਸਕ ਜਿੱਤ ਦਰਜ ਕੀਤੀ ਸੀ। ਹੁਣ ਅੰਕਿਤ ਬਿਢਾਨ ਦੀ ਜਿੱਤ ਨਾਲ ABVP ਨੇ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.