ਤਾਜਾ ਖਬਰਾਂ
ਬਟਾਲਾ ਪੁਲਿਸ ਅਤੇ ਫਿਰੌਤੀਆਂ ਮੰਗਣ ਵਾਲੇ ਗੈਂਗਸਟਰਾਂ ਦੇ ਸ਼ੂਟਰ ਵਿਚਾਲੇ ਦੇਰ ਸ਼ਾਮ ਮੁੱਠਭੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ 'ਚ ਵਰਤਿਆ ਮੋਟਰਸਾਈਕਲ ਬਰਾਮਦ ਕਰਨ ਗਈ ਪੁਲਿਸ ਟੀਮ 'ਤੇ ਮੁਲਜ਼ਮ ਨੇ ਅਚਾਨਕ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਆਤਮ-ਰੱਖਿਆ 'ਚ ਕੀਤੀ ਪੁਲਿਸ ਫਾਇਰਿੰਗ ਦੌਰਾਨ ਮੁਲਜ਼ਮ ਅਕਾਸ਼ਦੀਪ ਸਿੰਘ ਲੱਤ 'ਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਐੱਸ.ਐੱਸ.ਪੀ. ਬਟਾਲਾ ਮਹਿਤਾਬ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ 'ਤੇ ਬਟਾਲਾ ਦੇ ਪਿੰਡ ਅੰਮੋਨੰਗਲ 'ਚ ਇੱਕ ਕਰਿਆਨਾ ਸਟੋਰ, ਸ਼ਹਿਰ ਦੇ ਜਿਊਲਰੀ ਸ਼ੋਰੂਮ ਅਤੇ ਮੈਡੀਕਲ ਸਟੋਰ 'ਤੇ ਦਹਿਸ਼ਤ ਫੈਲਾ ਕੇ ਫਿਰੌਤੀ ਮੰਗਣ ਦੀ ਨੀਅਤ ਨਾਲ ਫਾਇਰਿੰਗ ਕੀਤੀ ਗਈ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਮਾਮਲਿਆਂ 'ਚ ਸ਼ਾਮਲ 3 ਮੁਲਜ਼ਮਾਂ ਨੂੰ ਹਿਰਾਸਤ 'ਚ ਲਿਆ ਸੀ।
ਐੱਸ.ਐੱਸ.ਪੀ. ਮੁਤਾਬਕ ਕਰਿਆਨਾ ਸਟੋਰ 'ਤੇ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਅਕਾਸ਼ਦੀਪ ਸਿੰਘ ਨੂੰ ਵਾਰਦਾਤ 'ਚ ਵਰਤਿਆ ਮੋਟਰਸਾਈਕਲ ਬਰਾਮਦ ਕਰਵਾਉਣ ਲਈ ਨਹਿਰ ਦੇ ਕੰਢੇ ਸੁੰਨਸਾਨ ਥਾਂ 'ਤੇ ਲਿਜਾਇਆ ਗਿਆ ਸੀ। ਉੱਥੇ ਪਹੁੰਚ ਕੇ ਮੁਲਜ਼ਮ ਨੇ ਝਾੜੀਆਂ 'ਚ ਲੁਕੋ ਕੇ ਰੱਖਿਆ ਪਿਸਤੌਲ ਕੱਢ ਕੇ ਪੁਲਿਸ ਪਾਰਟੀ 'ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ 'ਚ ਉਹ ਢੇਰੀ ਹੋ ਗਿਆ। ਪੁਲਿਸ ਨੇ ਮੌਕੇ ਤੋਂ ਇੱਕ ਵਿਦੇਸ਼ੀ ਪਿਸਤੌਲ ਵੀ ਬਰਾਮਦ ਕੀਤਾ ਹੈ।
Get all latest content delivered to your email a few times a month.