ਤਾਜਾ ਖਬਰਾਂ
ਨੇਪਾਲ ਦੇ ਰਸੁਵਾ ਜ਼ਿਲ੍ਹੇ ਵਿੱਚ ਭਾਰੀ ਮੀਂਹ ਅਤੇ ਭਿਆਨਕ ਹੜ੍ਹਾਂ ਕਾਰਨ ਸਥਿਤੀ ਬੇਹੱਦ ਨਾਜ਼ੁਕ ਬਣੀ ਹੋਈ ਹੈ। ਖੇਤਰ ਦੇ ਛੇ ਮੁੱਖ ਪਣ-ਬਿਜਲੀ ਪ੍ਰੋਜੈਕਟਾਂ (ਹਾਈਡ੍ਰੋ ਪਾਵਰ ਪਲਾਂਟਾਂ) ਵਿੱਚ 500 ਤੋਂ ਵੱਧ ਲੋਕਾਂ ਦੇ ਫਸੇ ਹੋਣ ਦੀ ਖ਼ਬਰ ਹੈ। ਰਾਹਤ ਅਤੇ ਬਚਾਅ ਕਾਰਜਾਂ ਲਈ ਨੇਪਾਲ ਫ਼ੌਜ ਅਤੇ ਨੇਪਾਲ ਆਰਮਡ ਪੁਲਿਸ ਫੋਰਸ (NAPF) ਦੇ ਲਗਭਗ 11,000 ਜਵਾਨਾਂ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ, ਜੋ ਖ਼ਰਾਬ ਮੌਸਮ, ਬੰਦ ਸੜਕਾਂ ਅਤੇ ਭਾਰੀ ਮਲਬੇ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਹੁਣ ਤੱਕ ਦਾ ਸਭ ਤੋਂ ਔਖਾ ਆਪ੍ਰੇਸ਼ਨ ਚਲਾ ਰਹੇ ਹਨ।
NAPF ਦੇ ਡੀ.ਆਈ.ਜੀ. ਨੇਤਰਾ ਬਹਾਦੁਰ ਕਾਰਕੀ ਅਨੁਸਾਰ ਬਚਾਅ ਟੀਮਾਂ ਉੱਪਰੀ ਤ੍ਰਿਸ਼ੂਲੀ, ਉੱਪਰੀ ਤ੍ਰਿਸ਼ੂਲੀ-1, ਰਸੁਵਾ, ਤ੍ਰਿਸ਼ੂਲੀ 3A, ਚਿਲੀਮੇ ਖੋਲਾ ਅਤੇ ਲੰਗਟਾਂਗ ਪ੍ਰੋਜੈਕਟਾਂ 'ਤੇ ਕੇਂਦਰਿਤ ਹਨ। ਪਲਾਂਟਾਂ ਦੇ ਆਲੇ-ਦੁਆਲੇ ਵੱਡੇ ਪੱਥਰ ਅਤੇ ਚਿੱਕੜ ਜਮ੍ਹਾਂ ਹੋਣ ਕਾਰਨ ਰਸਤੇ ਪੂਰੀ ਤਰ੍ਹਾਂ ਬੰਦ ਹਨ, ਜਿਸ ਕਾਰਨ ਡਰੋਨਾਂ ਦੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੁਖਾਂਤ ਦੇ ਪਹਿਲੇ ਦਿਨ ਤੋਂ ਫੋਰਸ ਦੇ 13 ਜਵਾਨ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।
ਖ਼ੌਫ਼ਨਾਕ ਹਾਲਾਤਾਂ ਦਰਮਿਆਨ ਤਿਮੁਰੇ ਖੇਤਰ ਤੋਂ ਇੱਕ ਕੁਦਰਤੀ ਚਮਤਕਾਰ ਸਾਹਮਣੇ ਆਇਆ ਹੈ। ਮਲਬੇ ਹੇਠ ਲਗਭਗ 60 ਘੰਟਿਆਂ ਤੋਂ ਦੱਬੀ 6 ਸਾਲਾ ਮਾਸੂਮ ਬੱਚੀ ਮਨੀਸ਼ਾ ਦੀਆਂ ਚੀਕਾਂ ਸੁਣ ਕੇ ਸੁਰੱਖਿਆ ਜਵਾਨਾਂ ਨੇ ਉਸ ਨੂੰ ਸ਼ੁੱਕਰਵਾਰ ਸ਼ਾਮ ਸੁਰੱਖਿਅਤ ਬਾਹਰ ਕੱਢ ਲਿਆ। ਹਾਲਾਂਕਿ, ਬੱਚੀ ਦੇ ਮਾਤਾ-ਪਿਤਾ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਫਿਲਹਾਲ ਮੌਸਮ 'ਚ ਥੋੜ੍ਹਾ ਸੁਧਾਰ ਹੁੰਦਿਆਂ ਹੀ ਰਸੁਵਾ ਮੁੱਖ ਮਾਰਗ ਨੂੰ ਚਾਰ-ਪਹੀਆ ਵਾਹਨਾਂ ਲਈ ਖੋਲ੍ਹ ਕੇ ਬਚਾਅ ਕਾਰਜ ਹੋਰ ਤੇਜ਼ ਕਰ ਦਿੱਤੇ ਗਏ ਹਨ।
Get all latest content delivered to your email a few times a month.