ਤਾਜਾ ਖਬਰਾਂ
ਉੱਤਰਾਖੰਡ ਦੇ ਹਲਦਵਾਨੀ ਵਿਖੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਸਮਾਗਮ ਤੋਂ ਬਾਅਦ ਰੈਲੀ ਵਾਲੀ ਥਾਂ ਦੇ ਕਥਿਤ 'ਸ਼ੁੱਧੀਕਰਨ' ਨੂੰ ਲੈ ਕੇ ਦੇਸ਼ ਭਰ ਵਿੱਚ ਸਿਆਸੀ ਭੂਚਾਲ ਆ ਗਿਆ ਹੈ। ਰਾਹੁਲ ਗਾਂਧੀ ਤੋਂ ਬਾਅਦ ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਵੀ ਭਾਜਪਾ 'ਤੇ ਤਿੱਖਾ ਹਮਲਾ ਬੋਲਦਿਆਂ ਇਸ ਘਟਨਾ ਨੂੰ ਮਨੂਵਾਦੀ ਅਤੇ ਦਲਿਤ ਵਿਰੋਧੀ ਮਾਨਸਿਕਤਾ ਦਾ ਪ੍ਰਤੀਕ ਕਰਾਰ ਦਿੱਤਾ ਹੈ।
ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਗਾਇਆ ਕਿ ਖੜਗੇ ਦੀ ਰੈਲੀ ਵਾਲੇ ਮੰਚ ਦਾ 'ਸ਼ੁੱਧੀਕਰਨ' ਕਰਨਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਸੰਵਿਧਾਨ ਅਤੇ ਸਮੁੱਚੇ ਦਲਿਤ ਭਾਈਚਾਰੇ ਦਾ ਸ਼ਰੇਆਮ ਅਪਮਾਨ ਹੈ। ਚੰਨੀ ਅਨੁਸਾਰ ਇਹ ਨਫ਼ਰਤ ਨਾਲ ਭਰੀ ਕਾਰਵਾਈ ਹੈ ਅਤੇ ਭਾਜਪਾ ਦੇਸ਼ ਨੂੰ ਮੁੜ ਪੁਰਾਣੇ ਜਾਤੀਵਾਦੀ ਯੁੱਗ ਵੱਲ ਧੱਕਣਾ ਚਾਹੁੰਦੀ ਹੈ। ਉਨ੍ਹਾਂ ਦੋਸ਼ੀਆਂ ਵਿਰੁੱਧ ਤੁਰੰਤ ਐੱਫ.ਆਈ.ਆਰ. (FIR) ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਸੀ ਕਿ 8 ਅਗਸਤ ਨੂੰ ਹਲਦਵਾਨੀ ਦੇ ਰਾਮਲੀਲਾ ਮੈਦਾਨ 'ਚ ਖੜਗੇ ਦੀ ਰੈਲੀ ਤੋਂ ਬਾਅਦ 10 ਅਗਸਤ ਨੂੰ ਭਾਜਪਾ-ਆਰ.ਐੱਸ.ਐੱਸ. ਦੇ ਲੋਕਾਂ ਨੇ ਉਸ ਸਟੇਜ ਦਾ 'ਸ਼ੁੱਧੀਕਰਨ' ਕੀਤਾ ਸੀ। ਕਾਂਗਰਸ ਇਸ ਮੁੱਦੇ ਨੂੰ ਦੇਸ਼ ਵਿਆਪੀ ਦਲਿਤ ਅਸਮਿਤਾ ਦੇ ਮੁੱਦੇ ਨਾਲ ਜੋੜ ਕੇ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ।
ਦੂਜੇ ਪਾਸੇ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਇਸ ਘਟਨਾ 'ਚ ਕੋਈ ਵੀ ਭਾਜਪਾ ਵਰਕਰ ਸ਼ਾਮਲ ਨਹੀਂ ਸੀ। ਧਾਮੀ ਨੇ ਸਪੱਸ਼ਟ ਕੀਤਾ ਕਿ ਉੱਤਰਾਖੰਡ 'ਚ ਕੋਈ ਕਿਸੇ ਦੀ ਜਾਤ ਨਹੀਂ ਦੇਖਦਾ। ਕਾਂਗਰਸੀ ਨੇਤਾਵਾਂ ਦੁਆਰਾ ਦਿੱਤੇ ਗਏ ਧਾਰਮਿਕ ਨਾਅਰਿਆਂ ਦੇ ਜਵਾਬ 'ਚ ਕੁਝ ਸਥਾਨਕ ਧਾਰਮਿਕ ਸੰਗਠਨਾਂ ਨੇ ਇਹ ਪ੍ਰੋਗਰਾਮ ਕੀਤਾ ਸੀ। ਧਾਮੀ ਨੇ ਕਿਹਾ ਕਿ ਕਾਂਗਰਸ ਕੋਲ ਕੋਈ ਮੁੱਦਾ ਨਹੀਂ ਬਚਿਆ, ਇਸੇ ਲਈ ਉਹ ਬੇਬੁਨਿਆਦ ਗੱਲਾਂ ਰਾਹੀਂ ਮਾਹੌਲ ਖ਼ਰਾਬ ਕਰ ਰਹੀ ਹੈ।
Get all latest content delivered to your email a few times a month.