ਤਾਜਾ ਖਬਰਾਂ
ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ੇਰੋ ਵਿਖੇ ਨੂੰਹ ਵੱਲੋਂ ਆਪਣੀ ਹੀ ਸੱਸ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਖ਼ੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ। ਨੂੰਹ ਨੇ ਆਪਣੇ ਭਰਾ ਅਤੇ ਉਸ ਦੇ ਦੋਸਤ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਮ੍ਰਿਤਕਾ ਦੀ ਪਛਾਣ ਬਲਜੀਤ ਕੌਰ ਵਜੋਂ ਹੋਈ ਹੈ। ਥਾਣਾ ਚੀਮਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਨੂੰਹ ਸਮੇਤ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਲਿਆ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. (DSP) ਸੁਨਾਮ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਜਗਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 25 ਅਗਸਤ ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਅਨੁਸਾਰ 24 ਜੁਲਾਈ ਨੂੰ ਨੂੰਹ ਜਸਵੀਰ ਕੌਰ ਨੇ ਆਪਣੇ ਭਰਾ ਗੁਰਵਿੰਦਰ ਸਿੰਘ ਅਤੇ ਉਸ ਦੇ ਦੋਸਤ ਹਰਮਨਦੀਪ ਸਿੰਘ ਨਾਲ ਮਿਲ ਕੇ ਬਲਜੀਤ ਕੌਰ ਦਾ ਸਰਹਾਣੇ ਅਤੇ ਤੌਲੀਏ ਨਾਲ ਮੂੰਹ ਘੁੱਟ ਕੇ ਕਤਲ ਕਰ ਦਿੱਤਾ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਵਾਰਦਾਤ ਸਮੇਂ ਵਰਤਿਆ ਗਿਆ ਸਰਹਾਣਾ ਅਤੇ ਅਪਰਾਧ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ। ਫਿਲਹਾਲ ਤਿੰਨੋਂ ਦੋਸ਼ੀ ਪੁਲਿਸ ਰਿਮਾਂਡ 'ਤੇ ਹਨ ਅਤੇ ਪੁਲਿਸ ਵੱਲੋਂ ਇਸ ਕਤਲ ਦੇ ਪਿੱਛੇ ਦੀ ਅਸਲ ਵਜ੍ਹਾ ਜਾਣਨ ਲਈ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
Get all latest content delivered to your email a few times a month.