ਤਾਜਾ ਖਬਰਾਂ
ਦਿੱਲੀ-ਐੱਨ.ਸੀ.ਆਰ. (Delhi-NCR) ਵਿੱਚ ਸੀ.ਐੱਨ.ਜੀ. (CNG) ਗੱਡੀਆਂ ਚਲਾਉਣ ਵਾਲਿਆਂ ਦੀ ਜੇਬ 'ਤੇ ਇੱਕ ਵਾਰ ਫਿਰ ਵੱਡਾ ਬੋਝ ਪੈ ਗਿਆ ਹੈ। ਇੰਦਰਪ੍ਰਸਥ ਗੈਸ ਲਿਮਟਿਡ (IGL) ਨੇ CNG ਦੀਆਂ ਕੀਮਤਾਂ ਵਿੱਚ ₹3.89 ਪ੍ਰਤੀ ਕਿੱਲੋਗ੍ਰਾਮ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ, ਜੋ ਕਿ ਸ਼ਨੀਵਾਰ ਤੋਂ ਲਾਗੂ ਹੋ ਗਿਆ ਹੈ। ਇਸ ਤਾਜ਼ਾ ਵਾਧੇ ਤੋਂ ਬਾਅਦ ਦਿੱਲੀ ਵਿੱਚ CNG ਦੀ ਕੀਮਤ ₹86.98 ਪ੍ਰਤੀ ਕਿੱਲੋਗ੍ਰਾਮ ਹੋ ਗਈ ਹੈ। ਜ਼ਿਕਰਯੋਗ ਹੈ ਕਿ ਚਾਲੂ ਸਾਲ ਦੌਰਾਨ ਕੀਮਤਾਂ 'ਚ ਇਹ 5ਵਾਂ ਵਾਧਾ ਹੈ, ਜਦਕਿ ਮਈ ਮਹੀਨੇ 'ਚ ਹੀ ਵੱਖ-ਵੱਖ ਚਾਰ ਚਰਨਾਂ 'ਚ ₹6 ਤੱਕ ਦਾ ਵਾਧਾ ਦੇਖਣ ਨੂੰ ਮਿਲਿਆ ਸੀ।
IGL ਅਨੁਸਾਰ CNG ਦੇ ਨਿਰਮਾਣ ਲਈ ਵਰਤੀ ਜਾਣ ਵਾਲੀ ਗੈਸ ਦਾ ਵੱਡਾ ਹਿੱਸਾ ਬਾਹਰੀ ਮੁਲਕਾਂ ਤੋਂ ਮੰਗਵਾਇਆ (Import) ਜਾਂਦਾ ਹੈ। ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਅਤੇ ਹੋਰਮੁਜ਼ ਜਲਡਮਰੂ ਵਰਗੇ ਅਹਿਮ ਸਮੁੰਦਰੀ ਰੂਟਾਂ 'ਤੇ ਪੈਦਾ ਹੋਈਆਂ ਰੁਕਾਵਟਾਂ ਕਾਰਨ ਅੰਤਰਰਾਸ਼ਟਰੀ ਬਾਜ਼ਾਰ 'ਚ LNG ਦੀਆਂ ਕੀਮਤਾਂ ਕਾਫ਼ੀ ਉੱਪਰ ਚਲੀਆਂ ਗਈਆਂ ਹਨ, ਜਿਸ ਕਰਕੇ ਕੰਪਨੀ ਨੂੰ ਇਸ ਲਾਗਤ ਦਾ ਕੁਝ ਹਿੱਸਾ ਉਪਭੋਗਤਾਵਾਂ 'ਤੇ ਪਾਉਣਾ ਪਿਆ ਹੈ।
ਵੱਖ-ਵੱਖ ਸ਼ਹਿਰਾਂ ਵਿੱਚ CNG ਦੇ ਨਵੇਂ ਭਾਅ:
ਨੋਇਡਾ ਅਤੇ ਗਾਜ਼ੀਆਬਾਦ: ₹95.59 ਪ੍ਰਤੀ ਕਿੱਲੋ
ਮੇਰਠ: ₹95.47 ਪ੍ਰਤੀ ਕਿੱਲੋ
ਗੁਰੂਗ੍ਰਾਮ: ₹92.01 ਪ੍ਰਤੀ ਕਿੱਲੋ
(ਨੋਟ: ਵੱਖ-ਵੱਖ ਰਾਜਾਂ ਵਿੱਚ ਲੱਗਣ ਵਾਲੇ ਵੈਟ (VAT) ਦਰਾਂ ਕਾਰਨ ਕੀਮਤਾਂ ਵਿੱਚ ਅੰਤਰ ਹੈ।)
ਸੀ.ਐੱਨ.ਜੀ. ਮਹਿੰਗੀ ਹੋਣ ਨਾਲ ਦਿੱਲੀ-NCR ਖੇਤਰ ਵਿੱਚ ਚੱਲਣ ਵਾਲੇ ਆਟੋ, ਟੈਕਸੀ ਅਤੇ ਮਾਲ-ਭਾੜਾ ਗੱਡੀਆਂ ਦੇ ਕਿਰਾਏ ਵਧਣ ਦੇ ਪੂਰੇ ਆਸਾਰ ਹਨ। ਆਵਾਜਾਈ ਖ਼ਰਚੇ ਵਧਣ ਕਾਰਨ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਹਰੀਆਂ ਸਬਜ਼ੀਆਂ, ਫ਼ਲ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਮਹਿੰਗੀ ਹੋ ਸਕਦੀ ਹੈ, ਜਿਸ ਨਾਲ ਆਮ ਲੋਕਾਂ ਦਾ ਬਜਟ ਵਿਗੜਨਾ ਲਾਜ਼ਮੀ ਹੈ। ਇਸ ਤੋਂ ਇਲਾਵਾ ਸਕੂਲ ਬੱਸਾਂ ਅਤੇ ਜਨਤਕ ਟ੍ਰਾਂਸਪੋਰਟ ਦੇ ਕਿਰਾਇਆਂ 'ਚ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ।
Get all latest content delivered to your email a few times a month.