ਤਾਜਾ ਖਬਰਾਂ
ਸੂਬੇ ਵਿੱਚ ਮਾਨਸੂਨ ਦੀ ਰਫ਼ਤਾਰ ਸੁਸਤ ਪੈਣ ਕਾਰਨ ਪੰਜਾਬ ਵਾਸੀਆਂ ਨੂੰ ਇੱਕ ਵਾਰ ਮੁੜ ਗਰਮੀ ਤੇ ਹੁੰਮਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਵੱਲੋਂ ਸ਼ਨੀਵਾਰ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਲੱਗਦੇ ਕੁਝ ਪਹਾੜੀ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਪੰਜਾਬ ਵਿੱਚ ਮੌਸਮ ਮੁੱਖ ਤੌਰ 'ਤੇ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨਾਲ ਤਾਪਮਾਨ 'ਚ ਵਾਧਾ ਦਰਜ ਕੀਤਾ ਜਾਵੇਗਾ।
ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ ਵਿੱਚ 0.9 ਡਿਗਰੀ ਸੈਲਸੀਅਸ ਦੀ ਮਾਮੂਲੀ ਗਿਰਾਵਟ ਦੇ ਬਾਵਜੂਦ ਪਾਰਾ ਆਮ ਨਾਲੋਂ ਦੋ ਡਿਗਰੀ ਤੱਕ ਉੱਪਰ ਬਣਿਆ ਰਿਹਾ। 36.4 ਡਿਗਰੀ ਸੈਲਸੀਅਸ ਤਾਪਮਾਨ ਨਾਲ ਬਠਿੰਡਾ ਅਤੇ ਭਾਖੜਾ ਡੈਮ ਖੇਤਰ ਸੂਬੇ ਵਿੱਚ ਸਭ ਤੋਂ ਗਰਮ ਦਰਜ ਕੀਤੇ ਗਏ। ਇਸ ਤੋਂ ਇਲਾਵਾ ਚੰਡੀਗੜ੍ਹ 'ਚ 36.3, ਫ਼ਿਰੋਜ਼ਪੁਰ 'ਚ 36.2, ਲੁਧਿਆਣਾ ਤੇ ਪਟਿਆਲਾ 'ਚ 35.8 ਅਤੇ ਅੰਮ੍ਰਿਤਸਰ 'ਚ 35.5 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।
ਅਗਲੇ 4 ਦਿਨਾਂ ਦੀ ਮੌਸਮੀ ਹਲਚਲ 'ਤੇ ਇੱਕ ਨਜ਼ਰ
29 ਅਗਸਤ (ਸ਼ਨੀਵਾਰ): ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਬੱਦਲਵਾਈ ਦੇ ਨਾਲ ਹਲਕੀ ਬਾਰਿਸ਼ ਹੋ ਸਕਦੀ ਹੈ, ਜਦਕਿ ਬਾਕੀ ਹਿੱਸਿਆਂ 'ਚ ਧੁੱਪ ਖਿੜੀ ਰਹੇਗੀ।
30 ਅਗਸਤ (ਐਤਵਾਰ): ਪਹਾੜੀ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਇੱਕ-ਦੋ ਥਾਵਾਂ 'ਤੇ ਬੂੰਦਾ-ਬਾਂਦੀ ਦੀ ਸੰਭਾਵਨਾ ਹੈ। ਮੈਦਾਨੀ ਤੇ ਦੱਖਣੀ ਪੰਜਾਬ ਵਿੱਚ ਮੌਸਮ ਸਾਫ਼ ਰਹੇਗਾ।
31 ਅਗਸਤ (ਸੋਮਵਾਰ): ਗੁਰਦਾਸਪੁਰ, ਨਵਾਂਸ਼ਹਿਰ ਅਤੇ ਰੂਪਨਗਰ 'ਚ ਮੀਂਹ ਦੇ ਆਸਾਰ ਹਨ, ਜਦਕਿ ਜ਼ਿਆਦਾਤਰ ਜ਼ਿਲ੍ਹਿਆਂ 'ਚ ਗਰਮੀ ਬਰਕਰਾਰ ਰਹੇਗੀ।
1 ਸਤੰਬਰ (ਮੰਗਲਵਾਰ): ਸਤੰਬਰ ਦੇ ਪਹਿਲੇ ਦਿਨ ਮੌਸਮ 'ਚ ਤਬਦੀਲੀ ਦੇ ਸੰਕੇਤ ਹਨ। ਪਠਾਨਕੋਟ, ਹੁਸ਼ਿਆਰਪੁਰ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਮੋਹਾਲੀ ਸਮੇਤ ਕਈ ਜ਼ਿਲ੍ਹਿਆਂ 'ਚ ਹਲਕਾ ਮੀਂਹ ਪੈ ਸਕਦਾ ਹੈ। ਹਾਲਾਂਕਿ ਮਾਲਵਾ ਬੈਲਟ ਦੇ ਜ਼ਿਲ੍ਹਿਆਂ (ਬਠਿੰਡਾ, ਫ਼ਾਜ਼ਿਲਕਾ, ਮੁਕਤਸਰ, ਮਾਨਸਾ) ਵਿੱਚ ਮੌਸਮ ਖੁਸ਼ਕ ਹੀ ਰਹਿਣ ਦੀ ਸੰਭਾਵਨਾ ਹੈ।
Get all latest content delivered to your email a few times a month.