IMG-LOGO
ਹੋਮ ਪੰਜਾਬ: ਮੋਗਾ ਤਹਿਸੀਲ ਦਫ਼ਤਰ ‘ਚ ਹੰਗਾਮਾ: ਕੰਮ ਕਰਵਾਉਣ ਆਏ ਨੌਜਵਾਨ ਦੀ...

ਮੋਗਾ ਤਹਿਸੀਲ ਦਫ਼ਤਰ ‘ਚ ਹੰਗਾਮਾ: ਕੰਮ ਕਰਵਾਉਣ ਆਏ ਨੌਜਵਾਨ ਦੀ ਤਹਿਸੀਲਦਾਰ ਨਾਲ ਝੜਪ, ਕਮੀਜ਼ ਪਾੜਨ ਦਾ ਦੋਸ਼; ਪੁਲਿਸ ਨੇ ਲਿਆ ਹਿਰਾਸਤ ‘ਚ

Admin User - Aug 28, 2026 05:56 PM
IMG

ਮੋਗਾ ਦੇ ਤਹਿਸੀਲ ਦਫ਼ਤਰ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਆਪਣਾ ਕੰਮ ਕਰਵਾਉਣ ਲਈ ਆਏ ਇੱਕ ਨੌਜਵਾਨ ਦੀ ਤਹਿਸੀਲਦਾਰ ਨਾਲ ਕਥਿਤ ਤੌਰ ‘ਤੇ ਤਕਰਾਰ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਨੌਜਵਾਨ ਵੱਲੋਂ ਤਹਿਸੀਲਦਾਰ ਨਾਲ ਹੱਥੋਪਾਈ ਕਰਨ ਅਤੇ ਉਨ੍ਹਾਂ ਦੀ ਕਮੀਜ਼ ਪਾੜਨ ਦੇ ਦੋਸ਼ ਲਗਾਏ ਗਏ ਹਨ। ਘਟਨਾ ਤੋਂ ਬਾਅਦ ਦਫ਼ਤਰ ਵਿੱਚ ਮੌਜੂਦ ਸਟਾਫ਼ ਅਤੇ ਹੋਰ ਲੋਕਾਂ ਵਿੱਚ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ।

ਜਾਣਕਾਰੀ ਮੁਤਾਬਕ ਤਹਿਸੀਲਦਾਰ ਮਨਿੰਦਰ ਸਿੰਘ ਆਪਣੇ ਦਫ਼ਤਰ ਵਿੱਚ ਸਰਕਾਰੀ ਕੰਮਕਾਜ ਨਿਪਟਾ ਰਹੇ ਸਨ। ਇਸੇ ਦੌਰਾਨ ਇੱਕ ਨੌਜਵਾਨ ਆਪਣਾ ਨਿੱਜੀ ਕੰਮ ਕਰਵਾਉਣ ਲਈ ਉਨ੍ਹਾਂ ਕੋਲ ਪਹੁੰਚਿਆ। ਨੌਜਵਾਨ ਵੱਲੋਂ ਆਪਣਾ ਕੰਮ ਤੁਰੰਤ ਕਰਨ ਲਈ ਕਿਹਾ ਗਿਆ। ਤਹਿਸੀਲਦਾਰ ਨੇ ਉਸ ਨੂੰ ਨਿਯਮਾਂ ਅਨੁਸਾਰ ਕਾਰਵਾਈ ਕਰਨ ਅਤੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ।

ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਨੌਜਵਾਨ ਗੁੱਸੇ ਵਿੱਚ ਆ ਗਿਆ ਅਤੇ ਤਹਿਸੀਲਦਾਰ ਨਾਲ ਬਹਿਸ ਕਰਨ ਲੱਗ ਪਿਆ। ਤਹਿਸੀਲਦਾਰ ਦੇ ਅਨੁਸਾਰ ਨੌਜਵਾਨ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਦਫ਼ਤਰੀ ਕੰਮ ਵਿੱਚ ਜਾਣਬੁੱਝ ਕੇ ਦੇਰੀ ਕਰਨ ਦੇ ਦੋਸ਼ ਲਗਾਏ। ਇਸ ਤੋਂ ਬਾਅਦ ਦੋਵਾਂ ਵਿਚਾਲੇ ਤਿੱਖੀ ਬਹਿਸ ਹੋ ਗਈ।

ਤਹਿਸੀਲਦਾਰ ਮਨਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਬਹਿਸ ਦੌਰਾਨ ਨੌਜਵਾਨ ਨੇ ਆਪਣਾ ਆਪਾ ਗੁਆ ਦਿੱਤਾ ਅਤੇ ਉਨ੍ਹਾਂ ਨਾਲ ਕਥਿਤ ਤੌਰ ‘ਤੇ ਹੱਥੋਪਾਈ ਕੀਤੀ। ਇਸ ਦੌਰਾਨ ਉਨ੍ਹਾਂ ਦੇ ਗਲ ਪੈ ਕੇ ਕਮੀਜ਼ ਪਾੜ ਦਿੱਤੀ ਗਈ। ਦਫ਼ਤਰ ਵਿੱਚ ਮੌਜੂਦ ਲੋਕਾਂ ਵੱਲੋਂ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੂੰ ਮੌਕੇ ‘ਤੇ ਬੁਲਾਇਆ ਗਿਆ। ਤਹਿਸੀਲਦਾਰ ਅਤੇ ਦਫ਼ਤਰੀ ਸਟਾਫ਼ ਵੱਲੋਂ ਉਕਤ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਘਟਨਾ ਤੋਂ ਬਾਅਦ ਤਹਿਸੀਲਦਾਰ ਮਨਿੰਦਰ ਸਿੰਘ ਨੇ ਥਾਣਾ ਸਿਟੀ ਵਨ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਵਿੱਚ ਉਨ੍ਹਾਂ ਨੇ ਸਰਕਾਰੀ ਡਿਊਟੀ ਦੌਰਾਨ ਉਨ੍ਹਾਂ ਨਾਲ ਕਥਿਤ ਤੌਰ ‘ਤੇ ਬਦਸਲੂਕੀ, ਹੱਥੋਪਾਈ ਅਤੇ ਕਮੀਜ਼ ਪਾੜਨ ਦੀ ਘਟਨਾ ਦਾ ਜ਼ਿਕਰ ਕੀਤਾ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਵੱਲੋਂ ਘਟਨਾ ਨਾਲ ਸਬੰਧਤ ਤੱਥਾਂ, ਮੌਕੇ ‘ਤੇ ਮੌਜੂਦ ਲੋਕਾਂ ਦੇ ਬਿਆਨਾਂ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਨੌਜਵਾਨ ਖ਼ਿਲਾਫ਼ ਕਿਹੜੀਆਂ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ, ਇਹ ਸਪੱਸ਼ਟ ਹੋਵੇਗਾ।

ਫਿਲਹਾਲ ਤਹਿਸੀਲ ਦਫ਼ਤਰ ਵਿੱਚ ਵਾਪਰੀ ਇਸ ਘਟਨਾ ਨੇ ਸਰਕਾਰੀ ਦਫ਼ਤਰਾਂ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.