ਤਾਜਾ ਖਬਰਾਂ
ਪੰਜਾਬੀ ਸੋਸ਼ਲ ਮੀਡੀਆ ਇੰਫਲੂਐਂਸਰ ਮੰਜੀਤ ਕੌਰ ਦੀ ਪੀ.ਜੀ.ਆਈ. (PGI) ਵਿਖੇ ਇਲਾਜ ਦੌਰਾਨ ਹੋਈ ਮੌਤ ਤੋਂ ਬਾਅਦ ਇਹ ਮਾਮਲਾ ਹੋਰ ਗਰਮਾ ਗਿਆ ਹੈ। ਮ੍ਰਿਤਕਾ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਚੰਡੀਗੜ੍ਹ ਪੁਲਿਸ ਨੇ ਅਗਵਾ ਅਤੇ ਕਤਲ ਵਰਗੀਆਂ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਇਸ ਖ਼ੌਫ਼ਨਾਕ ਵਾਰਦਾਤ ਵਿੱਚ ਦੋ ਮੁੱਖ ਸ਼ੱਕੀ ਵਿਅਕਤੀਆਂ (ਸ਼ੁਭੀ ਅਤੇ ਪਿੰਦਾ) ਦੇ ਨਾਂ ਸਾਹਮਣੇ ਆਏ ਹਨ।
ਪਰਿਵਾਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ, 3 ਜੁਲਾਈ ਦੀ ਰਾਤ ਨੂੰ ਮੰਜੀਤ ਕੌਰ ਨੂੰ ਚੰਡੀਗੜ੍ਹ ਦੇ ਸੈਕਟਰ-34 ਤੋਂ ਜ਼ਬਰਦਸਤੀ ਕਾਰ ਵਿੱਚ ਅਗਵਾ ਕੀਤਾ ਗਿਆ ਸੀ। ਮੁਲਜ਼ਮ ਉਸ ਨੂੰ ਮੋਰਿੰਡਾ ਦੇ ਜੰਗਲਾਤ ਇਲਾਕੇ ਵਿੱਚ ਲੈ ਗਏ, ਜਿੱਥੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਇੱਕ ਸ਼ਹਿਤੂਤ ਦੇ ਦਰੱਖਤ ਨਾਲ ਬੰਨ੍ਹ ਕੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਗਈ। 90 ਫ਼ੀਸਦੀ ਝੁਲਸੀ ਹਾਲਤ ਵਿੱਚ ਉਸ ਨੂੰ ਪਹਿਲਾਂ ਮੋਹਾਲੀ ਅਤੇ ਬਾਅਦ ਵਿੱਚ ਪੀ.ਜੀ.ਆਈ. ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ।
ਮਾਮਲੇ ਵਿੱਚ ਪੰਜਾਬ ਪੁਲਿਸ (ਖਰੜ ਸਦਰ ਥਾਣਾ) ਦੀ ਵੱਡੀ ਲਾਪਰਵਾਹੀ ਵੀ ਸਾਹਮਣੇ ਆ ਰਹੀ ਹੈ। ਦੋਸ਼ ਹਨ ਕਿ 5 ਅਗਸਤ ਨੂੰ ਜਦੋਂ ਮੰਜੀਤ ਕੌਰ ਨੂੰ ਹੋਸ਼ ਆਇਆ ਸੀ, ਤਾਂ ਪੀ.ਜੀ.ਆਈ. ਪੁਲਿਸ ਚੌਂਕੀ ਵੱਲੋਂ ਸੂਚਿਤ ਕਰਨ ਦੇ ਬਾਵਜੂਦ ਖਰੜ ਪੁਲਿਸ ਉਸ ਦੇ ਬਿਆਨ ਕਲਮਬੰਦ ਕਰਨ ਨਹੀਂ ਪਹੁੰਚੀ। ਫਿਲਹਾਲ ਚੰਡੀਗੜ੍ਹ ਪੁਲਿਸ ਨੇ ਫ਼ਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਸੀ.ਸੀ.ਟੀ.ਵੀ. (CCTV) ਫੁਟੇਜ ਦੇ ਆਧਾਰ 'ਤੇ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ।
Get all latest content delivered to your email a few times a month.