ਤਾਜਾ ਖਬਰਾਂ
ਜ਼ੀਰਕਪੁਰ ਦੇ ਢਕੋਲੀ ਖੇਤਰ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਇੱਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਢਾਬਾ ਬੰਦ ਕਰਕੇ ਹੋਟਲ ਵੱਲ ਪੈਦਲ ਜਾ ਰਹੀ ਔਰਤ ਨੂੰ ਇੱਕ ਅਨਿਯੰਤਰਿਤ ਤੇਜ਼ ਰਫ਼ਤਾਰ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਖ਼ੌਫ਼ਨਾਕ ਘਟਨਾ ਦੀ 17 ਸਕਿੰਟ ਦੀ ਇੱਕ ਸੀ.ਸੀ.ਟੀ.ਵੀ. (CCTV) ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਔਰਤ ਕਾਰ ਦੇ ਬੋਨਟ ਨਾਲ ਟਕਰਾ ਕੇ ਲਗਭਗ 5 ਫੁੱਟ ਹਵਾ ਵਿੱਚ ਉਛਲਦੀ ਅਤੇ ਸੜਕ 'ਤੇ ਡਿੱਗ ਕੇ 20 ਮੀਟਰ ਤੱਕ ਫਿਸਲਦੀ ਨਜ਼ਰ ਆ ਰਹੀ ਹੈ।
ਮ੍ਰਿਤਕਾ ਦੀ ਪਛਾਣ ਦਵਿੰਦਰ ਕੌਰ ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਵਿੱਚ ਕਾਂਗੜਾ (ਹਿਮਾਚਲ ਪ੍ਰਦੇਸ਼) ਦੇ ਪਿੰਡ ਜਲਰੀ ਦੀ ਰਹਿਣ ਵਾਲੀ ਸੀ। ਉਹ ਢਕੋਲੀ ਇਲਾਕੇ ਵਿੱਚ ਆਪਣੀ ਭੈਣ ਪ੍ਰੀਤੀ ਨਾਲ 'ਪਿੰਡ ਪੰਜਾਬੀ ਢਾਬਾ' ਚਲਾਉਂਦੀ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਇਹ ਹਾਦਸਾ 22 ਅਗਸਤ ਦੀ ਰਾਤ ਲਗਭਗ 11:30 ਵਜੇ ਉਸ ਵੇਲੇ ਵਾਪਰਿਆ, ਜਦੋਂ ਦਵਿੰਦਰ ਕੌਰ ਢਾਬਾ ਬੰਦ ਕਰਨ ਤੋਂ ਬਾਅਦ ਸੜਕ ਪਾਰ ਕਰਕੇ ਸਾਹਮਣੇ ਸਥਿਤ ਆਪਣੇ 'ਪਾਕੀਜ਼ਾ ਹੋਟਲ' ਵੱਲ ਜਾ ਰਹੀ ਸੀ। ਟੱਕਰ ਐਨੀ ਭਿਆਨਕ ਸੀ ਕਿ ਕਈ ਹੱਡੀਆਂ ਟੁੱਟ ਜਾਣ ਕਾਰਨ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
ਵਾਰਦਾਤ ਤੋਂ ਬਾਅਦ ਕਾਰ ਚਾਲਕ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਧਮਾਕੇ ਵਰਗੀ ਆਵਾਜ਼ ਸੁਣ ਕੇ ਇਕੱਠੇ ਹੋਏ ਰਾਹਗੀਰਾਂ ਨੇ ਉਸ ਨੂੰ ਦਬੋਚ ਲਿਆ ਅਤੇ ਤੁਰੰਤ ਪੁਲਿਸ ਹਵਾਲੇ ਕਰ ਦਿੱਤਾ। ਮ੍ਰਿਤਕਾ ਆਪਣੇ ਪਿੱਛੇ 15 ਸਾਲ ਦੀ ਧੀ ਮਨਜੋਤ ਅਤੇ 9 ਸਾਲ ਦੇ ਪੁੱਤਰ ਪ੍ਰਭਨੂਰ ਨੂੰ ਛੱਡ ਗਈ ਹੈ। ਘਟਨਾ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ। ਪੀੜਤ ਪਰਿਵਾਰ ਅਤੇ ਸਥਾਨਕ ਲੋਕਾਂ ਨੇ ਪੁਲਿਸ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀ ਡਰਾਈਵਰ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
Get all latest content delivered to your email a few times a month.