ਤਾਜਾ ਖਬਰਾਂ
ਨੇਪਾਲ ਅਤੇ ਤਿੱਬਤ ਦੇ ਸਰਹੱਦੀ ਖੇਤਰਾਂ ਵਿੱਚ ਗਲੇਸ਼ੀਅਰ ਟੁੱਟਣ ਕਾਰਨ ਆਏ ਭਿਆਨਕ ਹੜ੍ਹਾਂ ਅਤੇ ਲੈਂਡਸਲਾਇਡ ਨਾਲ ਤਬਾਹੀ ਦਾ ਮੰਜ਼ਰ ਹੋਰ ਖ਼ੌਫ਼ਨਾਕ ਹੋ ਗਿਆ ਹੈ। ਵੀਰਵਾਰ ਤੱਕ ਮਰਨ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 392 ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 389 ਮੌਤਾਂ ਨੇਪਾਲ ਅਤੇ 3 ਤਿੱਬਤ ਵਿੱਚ ਦਰਜ ਕੀਤੀਆਂ ਗਈਆਂ ਹਨ। ਢਹਿ-ਢੇਰੀ ਹੋਈਆਂ ਇਮਾਰਤਾਂ, ਰੁੜ੍ਹੀਆਂ ਸੜਕਾਂ ਅਤੇ ਚਿੱਕੜ ਦੇ ਮਲਬੇ ਹੇਠਾਂ ਦੱਬੇ ਲੋਕਾਂ ਦੀ ਭਾਲ ਲਈ ਜੰਗੀ ਪੱਧਰ 'ਤੇ ਰਾਹਤ ਕਾਰਜ ਜਾਰੀ ਹਨ।
ਸਰਹੱਦ ਦੇ ਦੋਵਾਂ ਪਾਸਿਆਂ ਤੋਂ ਕੁੱਲ 1,468 ਲੋਕ ਲਾਪਤਾ ਦੱਸੇ ਜਾ ਰਹੇ ਹਨ। ਨੇਪਾਲੀ ਅਧਿਕਾਰੀਆਂ ਅਨੁਸਾਰ 910 ਲੋਕ ਗੁੰਮਸ਼ੁਦਾ ਹਨ, ਜਦਕਿ ਤਿੱਬਤੀ ਖੇਤਰ ਵਿੱਚ 558 ਲੋਕਾਂ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ। ਭਾਰਤੀ ਵਿਦੇਸ਼ ਮੰਤਰਾਲੇ ਨੇ ਚਿੰਤਾ ਪ੍ਰਗਟਾਉਂਦਿਆਂ ਦੱਸਿਆ ਕਿ 290 ਭਾਰਤੀ ਨਾਗਰਿਕਾਂ ਨਾਲ ਅਜੇ ਤੱਕ ਸੰਪਰਕ ਨਹੀਂ ਹੋ ਸਕਿਆ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਾਠਮਾਂਡੂ ਅਤੇ ਬੀਜਿੰਗ ਸਥਿਤ ਭਾਰਤੀ ਰਾਜਦੂਤਾਂ ਨਾਲ ਉੱਚ-ਪੱਧਰੀ ਬੈਠਕ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਸਾਰੇ ਯਤਨ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਬਚਾਅ ਟੀਮਾਂ ਵੱਲੋਂ ਹੁਣ ਤੱਕ 84 ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਨ੍ਹਾਂ ਵਿੱਚ ਤ੍ਰਿਸ਼ੂਲੀ-1 ਜਲ-ਬਿਜਲੀ ਪ੍ਰਾਜੈਕਟ 'ਚ ਤੈਨਾਤ 63 ਮਜ਼ਦੂਰ ਅਤੇ ਤਾਮਿਲਨਾਡੂ ਦੇ 21 ਨਾਗਰਿਕ ਸ਼ਾਮਲ ਹਨ। ਦੂਜੇ ਪਾਸੇ, ਤਿੱਬਤ ਸਰਹੱਦ ਨੇੜੇ ਫਸੇ ਲਗਭਗ 200 ਭਾਰਤੀਆਂ ਨੇ ਵੀ ਸੁਰੱਖਿਅਤ ਨਿਕਾਸੀ ਲਈ ਮਦਦ ਦੀ ਗੁਹਾਰ ਲਗਾਈ ਹੈ। ਨੇਪਾਲ ਪ੍ਰਸ਼ਾਸਨ ਮੁਤਾਬਕ ਹੁਣ ਤੱਕ ਹੈਲੀਕਾਪਟਰ ਅਤੇ ਸੜਕ ਮਾਰਗ ਰਾਹੀਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਚੁੱਕਾ ਹੈ।
ਭੋਟੇਕੋਸ਼ੀ ਨਦੀ ਦੇ ਮੁੱਖ ਸਰੋਤ ਨੇੜੇ ਕੁਦਰਤੀ ਰੁਕਾਵਟ ਕਾਰਨ ਇੱਕ ਨਵੀਂ ਝੀਲ ਬਣ ਗਈ ਹੈ, ਜਿਸ ਦੇ ਟੁੱਟਣ ਨਾਲ ਹੇਠਲੇ ਇਲਾਕਿਆਂ ਵਿੱਚ ਦੂਜੀ ਵਾਰ ਹੜ੍ਹ ਆਉਣ ਦਾ ਵੱਡਾ ਖ਼ਤਰਾ ਬਣਿਆ ਹੋਇਆ ਹੈ। ਇਸ ਸੰਕਟ ਦੀ ਘੜੀ ਵਿੱਚ ਭਾਰਤ ਨੇ ਨੇਪਾਲ ਲਈ ਮਦਦ ਦੇ ਹੱਥ ਵਧਾਉਂਦਿਆਂ ਹਵਾਈ ਫ਼ੌਜ ਦੇ ਜਹਾਜ਼ ਰਾਹੀਂ ਹੁਣ ਤੱਕ ਕੁੱਲ 47.5 ਟਨ ਰਾਹਤ ਸਮੱਗਰੀ, ਦਵਾਈਆਂ ਅਤੇ ਖਾਣ-ਪੀਣ ਦਾ ਸਾਮਾਨ ਰਵਾਨਾ ਕਰ ਦਿੱਤਾ ਹੈ।
Get all latest content delivered to your email a few times a month.