ਤਾਜਾ ਖਬਰਾਂ
ਮ੍ਰਿਤਕਾ ਦੀ ਪਛਾਣ 54 ਸਾਲਾ ਅਰਚਨਾ ਕੁਮਾਰੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਹ ਮਹਿੰਦਰਾ ਇੰਟਰਪ੍ਰਾਈਜ਼ਿਜ਼ ਨਾਮਕ ਫ਼ੈਕਟਰੀ ਵਿੱਚ ਕੰਮ ਕਰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਅਰਚਨਾ ਮਸ਼ੀਨ ’ਤੇ ਕੰਮ ਕਰ ਰਹੀ ਸੀ, ਇਸੇ ਦੌਰਾਨ ਉਸ ਦਾ ਦੁਪੱਟਾ ਮਸ਼ੀਨ ਵਿੱਚ ਫਸ ਗਿਆ ਅਤੇ ਉਹ ਅਚਾਨਕ ਮਸ਼ੀਨ ਵੱਲ ਖਿੱਚੀ ਗਈ। ਹਾਦਸਾ ਵਾਪਰਦੇ ਹੀ ਫ਼ੈਕਟਰੀ ਦੇ ਹੋਰ ਕਰਮਚਾਰੀਆਂ ਨੇ ਮਸ਼ੀਨ ਬੰਦ ਕੀਤੀ, ਪਰ ਉਦੋਂ ਤੱਕ ਉਸ ਦੀ ਜਾਨ ਜਾ ਚੁੱਕੀ ਸੀ।
ਮ੍ਰਿਤਕਾ ਦੇ ਪਤੀ ਦੁਰਗਾਨੰਦ ਦਾਸ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੱਚੇ ਹਨ। ਇੱਕ ਧੀ ਵਿਆਹੀ ਹੋਈ ਹੈ, ਜਦਕਿ ਦੋ ਪੁੱਤਰਾਂ ਵਿੱਚੋਂ ਇੱਕ ਫ਼ੈਕਟਰੀ ਵਿੱਚ ਕੰਮ ਕਰਦਾ ਹੈ। ਪਰਿਵਾਰ ਸਿਰ ਕਰਜ਼ਾ ਹੋਣ ਕਾਰਨ ਅਰਚਨਾ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਫ਼ੈਕਟਰੀ ਵਿੱਚ ਨੌਕਰੀ ਸ਼ੁਰੂ ਕੀਤੀ ਸੀ।
ਪਤੀ ਨੇ ਫ਼ੈਕਟਰੀ ਪ੍ਰਬੰਧਕਾਂ ’ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਕਾਮਿਆਂ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਗਏ ਸਨ ਅਤੇ ਮਜ਼ਦੂਰਾਂ ਤੋਂ ਬਿਨਾਂ ਢੁਕਵੇਂ ਸੇਫ਼ਟੀ ਉਪਕਰਨਾਂ ਦੇ ਕੰਮ ਕਰਵਾਇਆ ਜਾਂਦਾ ਸੀ।
ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਹਾਦਸੇ ਤੋਂ ਬਾਅਦ ਮਾਮਲੇ ਨੂੰ ਦਬਾਉਣ ਲਈ ਸਮਝੌਤੇ ਦਾ ਦਬਾਅ ਬਣਾਇਆ ਗਿਆ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ।
ਹਾਦਸੇ ਦੀ ਸੂਚਨਾ ਮਿਲਣ ’ਤੇ ਥਾਣਾ ਮਕਸੂਦਾਂ ਦੇ ਏ.ਐੱਸ.ਆਈ. ਭੁਪਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਪੁਲਿਸ ਵੱਲੋਂ ਫ਼ੈਕਟਰੀ ਵਿੱਚ ਮੌਜੂਦ ਕਰਮਚਾਰੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਅਧਿਕਾਰੀਆਂ ਮੁਤਾਬਕ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਫ਼ੈਕਟਰੀ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਨਿਯਮਾਂ ਦੀ ਪਾਲਣਾ ਸਬੰਧੀ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.