IMG-LOGO
ਹੋਮ ਪੰਜਾਬ: ਪੰਜਾਬ ਦੇ ਸਰਕਾਰੀ ਸਕੂਲਾਂ ’ਤੇ ਸਵਾਲ ਚੁੱਕਣ ਵਾਲੇ 2022 ਤੋਂ...

ਪੰਜਾਬ ਦੇ ਸਰਕਾਰੀ ਸਕੂਲਾਂ ’ਤੇ ਸਵਾਲ ਚੁੱਕਣ ਵਾਲੇ 2022 ਤੋਂ ਪਹਿਲਾਂ ਦੀ ਹਾਲਤ ਨਾਲ ਅੱਜ ਦੀ ਪ੍ਰਗਤੀ ਦੀ ਤੁਲਨਾ ਕਰਨ: ਮਨੀਸ਼ ਸਿਸੋਦੀਆ

Admin User - Aug 27, 2026 08:40 PM
IMG

ਚੰਡੀਗੜ੍ਹ 26 ਅਗਸਤ-

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਸੂਬੇ ਦੇ ਸਰਕਾਰੀ ਸਕੂਲਾਂ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਚੁਣੌਤੀ ਦਿੱਤੀ ਕਿ ਉਹ ਅੱਜ ਦੀ ਪ੍ਰਗਤੀ ਦੀ ਤੁਲਨਾ 2022 ਤੋਂ ਪਹਿਲਾਂ ਦੀ ਮਾੜੀ ਹਾਲਤ ਨਾਲ ਕਰਨ, ਜਦੋਂ ਚਾਰ ਲੱਖ ਬੱਚੇ ਥੱਲੇ ਜ਼ਮੀਨ 'ਤੇ ਬੈਠਣ ਲਈ ਮਜ਼ਬੂਰ ਸਨ ਅਤੇ ਹਜ਼ਾਰਾਂ ਸਕੂਲਾਂ ਵਿੱਚ ਪੀਣ ਵਾਲਾ ਪਾਣੀ ਤੱਕ ਨਹੀਂ ਸੀ। ਮਹਿਜ਼ 4.5 ਸਾਲਾਂ ਵਿੱਚ ਹੋਏ ਬਦਲਾਅ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲਗਭਗ 20,000 ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਅਤੇ ਸਿੱਖਿਆ ਦੇ ਮਿਆਰ ਵਿੱਚ ਵੱਡਾ ਸੁਧਾਰ ਹੋਇਆ ਹੈ, ਜਿਸ ਵਿੱਚ 9,000 ਤੋਂ ਵੱਧ ਨਵੇਂ ਕਲਾਸਰੂਮ ਅਤੇ ਲੈਬਾਂ, 13,920 ਟਾਇਲਟ, 2 ਲੱਖ ਡੈਸਕ, 10,000 ਤੋਂ ਵੱਧ ਇੰਟਰਐਕਟਿਵ ਪੈਨਲ ਅਤੇ ਚਾਰਦੀਵਾਰੀਆਂ ਸ਼ਾਮਲ ਹਨ। ਇਸ ਤੋਂ ਇਲਾਵਾ, ਦੋ ਭਿਆਨਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ 7,000 ਸਕੂਲਾਂ ਵਿੱਚੋਂ 500 ਗੰਭੀਰ ਰੂਪ ਵਿੱਚ ਨੁਕਸਾਨੇ ਗਏ ਸਕੂਲਾਂ ਦੀ ਮੁਰੰਮਤ ਦਾ ਕੰਮ ਵੀ ਜਾਰੀ ਹੈ।

ਆਪ ਦੇ ਪੰਜਾਬ ਪ੍ਰਭਾਰੀ ਨੇ ਸਰਕਾਰੀ ਸਿੱਖਿਆ ਵਿੱਚ ਜਨਤਾ ਦੇ ਵਧ ਰਹੇ ਵਿਸ਼ਵਾਸ ਨੂੰ ਵੀ ਰੇਖਾਂਕਿਤ ਕੀਤਾ, ਜਿਸ ਤਹਿਤ 3.64 ਲੱਖ ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਆਏ ਹਨ, ਨੀਟ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 80 ਤੋਂ ਵਧ ਕੇ 882 ਹੋ ਗਈ ਹੈ, ਅਤੇ ਪੰਜਾਬ ਪਹਿਲੀ ਤੋਂ 12ਵੀਂ ਜਮਾਤ ਤੱਕ ਏਆਈ ਦੀ ਪੜ੍ਹਾਈ ਕਰਵਾਉਣ ਵਾਲਾ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨਿਰਪੱਖ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਸਵੀਰ ਪੇਸ਼ ਕਰਨ ਅਤੇ ਆਪ ਸਰਕਾਰ ਦੇ 4.5 ਸਾਲਾਂ ਦੇ ਕਾਰਜਕਾਲ ਦੀ ਤੁਲਨਾ ਕਾਂਗਰਸ ਅਤੇ ਅਕਾਲੀ-ਭਾਜਪਾ ਦੇ 15-20 ਸਾਲਾਂ ਦੇ ਸ਼ਾਸਨ ਨਾਲ ਇਮਾਨਦਾਰੀ ਨਾਲ ਕਰਨ।

ਨਿਰਪੱਖਤਾ ਨਾਲ ਬੋਲਣ ਜਾਂ ਰਿਪੋਰਟਿੰਗ ਕਰਨ ਵਾਲਿਆਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਪ ਆਗੂ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਕਿਹਾ, "ਜੇਕਰ ਤੁਸੀਂ ਸੱਚਮੁੱਚ ਨਿਰਪੱਖਤਾ ਨਾਲ ਬੋਲਣਾ ਜਾਂ ਪੱਤਰਕਾਰੀ ਕਰਨਾ ਚਾਹੁੰਦੇ ਹੋ, ਤਾਂ ਇੱਕ ਵਾਰ ਪੁਰਾਣੀ ਤਸਵੀਰ ਅਤੇ ਅੱਜ ਦਾ ਲੇਖਾ-ਜੋਖਾ ਸਾਹਮਣੇ ਰੱਖ ਕੇ ਲੋਕਾਂ ਨੂੰ ਸੱਚ ਦੱਸੋ।"

ਆਪ ਪੰਜਾਬ ਪ੍ਰਭਾਰੀ ਨੇ ਕਿਹਾ, "ਜਦੋਂ 2022 ਵਿੱਚ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣੇ ਸਨ, ਤਾਂ ਪੰਜਾਬ ਦੇ ਜ਼ਿਆਦਾਤਰ ਸਰਕਾਰੀ ਸਕੂਲਾਂ ਵਿੱਚ ਟਾਇਲਟ ਨਹੀਂ ਸਨ, ਚਾਰ ਲੱਖ ਬੱਚੇ ਜ਼ਮੀਨ 'ਤੇ ਬੈਠਦੇ ਸਨ ਅਤੇ ਹਜ਼ਾਰਾਂ ਸਕੂਲਾਂ ਵਿੱਚ ਪੀਣ ਵਾਲਾ ਪਾਣੀ ਵੀ ਉਪਲਬਧ ਨਹੀਂ ਸੀ।"


ਉਨ੍ਹਾਂ ਦੱਸਿਆ ਕਿ ਮਹਿਜ਼ 4.5 ਸਾਲਾਂ ਵਿੱਚ ਪੰਜਾਬ ਦੇ ਲਗਭਗ 20,000 ਸਰਕਾਰੀ ਸਕੂਲਾਂ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ, ਜਿਸ ਦੀਆਂ ਮੁੱਖ ਪ੍ਰਾਪਤੀਆਂ ਹੇਠ ਲਿਖੇ ਅਨੁਸਾਰ ਹਨ:


* 9,000 ਤੋਂ ਵੱਧ ਨਵੇਂ ਕਲਾਸਰੂਮ ਅਤੇ ਲੈਬਾਂ ਬਣਾਈਆਂ ਗਈਆਂ ਹਨ।

* 13,920 ਨਵੇਂ ਟਾਇਲਟ ਬਣਾਏ ਗਏ ਹਨ।

* ਦੋ ਲੱਖ ਨਵੇਂ ਡੈਸਕ ਲਗਾਏ ਗਏ ਹਨ।

* 10,000 ਤੋਂ ਵੱਧ ਇੰਟਰਐਕਟਿਵ ਪੈਨਲ ਲਗਾਏ ਗਏ ਹਨ।

* 5,012 ਸਕੂਲਾਂ ਵਿੱਚ ਅੱਧੁਨਿਕ ਕੰਪਿਊਟਰ ਲੈਬਾਂ ਸਥਾਪਿਤ ਕੀਤੀਆਂ ਗਈਆਂ ਹਨ।

* ਹਰੇਕ ਸਕੂਲ ਵਿੱਚ ਵਾਈ-ਫਾਈ ਦੀ ਸੁਵਿਧਾ ਹੈ।

* 99% ਸਕੂਲਾਂ ਵਿੱਚ ਚਾਰਦੀਵਾਰੀ ਦਾ ਨਿਰਮਾਣ ਕੀਤਾ ਗਿਆ ਹੈ।


ਮਨੀਸ਼ ਸਿਸੋਦੀਆ ਨੇ ਅੱਗੇ ਕਿਹਾ ਕਿ ਦੋ ਭਿਆਨਕ ਹੜ੍ਹਾਂ ਕਾਰਨ 7,000 ਤੋਂ ਵੱਧ ਸਕੂਲ ਪ੍ਰਭਾਵਿਤ ਹੋਏ ਸਨ, ਜਦਕਿ 500 ਗੰਭੀਰ ਰੂਪ ਵਿੱਚ ਨੁਕਸਾਨੇ ਗਏ ਸਕੂਲਾਂ ਦੀ ਮੁਰੰਮਤ ਦਾ ਕੰਮ ਅਜੇ ਵੀ ਚੱਲ ਰਿਹਾ ਹੈ। ਉਨ੍ਹਾਂ ਕਿਹਾ, "ਅਜੇ ਹੋਰ ਵੀ ਬਹੁਤ ਕੰਮ ਜਾਰੀ ਹੈ, ਪਰ ਕੰਮ ਦੀ ਦਿਸ਼ਾ, ਰਫ਼ਤਾਰ ਅਤੇ ਨੀਅਤ ਬਿਲਕੁਲ ਸਾਫ਼ ਹੈ।"


ਮੀਡੀਆ ਦੇ ਇੱਕ ਹਿੱਸੇ 'ਤੇ ਨਿਸ਼ਾਨਾ ਸਾਧਦਿਆਂ ਮਨੀਸ਼ ਸਿਸੋਦੀਆ ਨੇ ਕਿਹਾ, "ਜਿੱਥੋਂ ਤੱਕ ਭਾਜਪਾ ਜਾਂ ਕਾਂਗਰਸ ਦੇ ਸਕੋਰ ਸੈੱਟ ਕਰਨ ਵਾਲਿਆਂ ਦਾ ਸਵਾਲ ਹੈ, ਮੈਂ ਗੋਦੀ ਮੀਡੀਆ ਜਾਂ ਪੱਪੂ ਮੀਡੀਆ ਨੂੰ ਕੀ ਜਵਾਬ ਦੇ ਸਕਦਾ ਹਾਂ? ਉਹ ਤਾਂ ਉਸੇ ਐਂਗਲ ਤੋਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਨਗੇ ਜਿਸ ਨਾਲ 'ਆਪ' ਦੇ ਖਿਲਾਫ ਨਕਾਰਾਤਮਕ ਮਾਹੌਲ ਬਣਾਇਆ ਜਾ ਸਕੇ।"


ਇਸ ਦੇ ਨਾਲ ਹੀ ਉਨ੍ਹਾਂ ਨੇ ਨਿਰਪੱਖ ਪੱਤਰਕਾਰਾਂ, ਜਿਨ੍ਹਾਂ ਦਾ ਉਹ ਨਿੱਜੀ ਤੌਰ 'ਤੇ ਸਤਿਕਾਰ ਕਰਦੇ ਹਨ, ਨੂੰ ਪੰਜਾਬ ਦੀ ਪ੍ਰਗਤੀ ਦੀ ਪੂਰੀ ਤਸਵੀਰ ਪੇਸ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਕੁੱਝ ਨਿਰਪੱਖ ਪੱਤਰਕਾਰਾਂ, ਜਿਨ੍ਹਾਂ ਦਾ ਮੈਂ ਨਿੱਜੀ ਤੌਰ 'ਤੇ ਸਤਿਕਾਰ ਕਰਦਾ ਹਾਂ, ਨੂੰ ਮੇਰੀ ਬੇਨਤੀ ਹੈ ਕਿ ਜੇਕਰ ਸੰਭਵ ਹੋਵੇ ਤਾਂ ਪੂਰਾ ਸੱਚ ਦਿਖਾਓ ਕਿ 4.5 ਸਾਲਾਂ ਵਿੱਚ ਪੰਜਾਬ ਵਿੱਚ ਐਨਾ ਕੰਮ ਹੋਇਆ ਹੈ ਅਤੇ ਐਨਾ ਨਹੀਂ ਹੋਇਆ। ਨਾਲ ਹੀ ਆਪਣੇ ਫਾਲੋਅਰਜ਼ ਦੇ ਸਾਹਮਣੇ ਸਾਡੇ 4.5 ਸਾਲਾਂ ਦੇ ਕੰਮ ਦੀ ਤੁਲਨਾ ਕਾਂਗਰਸ ਅਤੇ ਭਾਜਪਾ ਦੇ 15-20 ਸਾਲਾਂ ਦੇ ਕੰਮ ਨਾਲ ਇਮਾਨਦਾਰੀ ਨਾਲ ਕਰੋ। ਦੋਵਾਂ ਗੱਲਾਂ 'ਤੇ ਚਰਚਾ ਕਰੋ।"


ਮਨੀਸ਼ ਸਿਸੋਦੀਆ ਨੇ ਕਿਹਾ ਕਿ ਜੇਕਰ 'ਗੋਦੀ ਮੀਡੀਆ' ਜਾਂ 'ਪੱਪੂ ਮੀਡੀਆ' ਦੇ ਨਜ਼ਰੀਏ 'ਤੇ ਆਧਾਰਿਤ ਕਵਰੇਜ ਨੂੰ ਅਧੂਰੇ ਸੱਚ ਨੂੰ ਆਪਣੇ ਜਾਂ ਪੂਰੇ ਸੱਚ ਵਜੋਂ ਪੇਸ਼ ਕਰਨ ਲਈ ਆਧਾਰ ਬਣਾਇਆ ਜਾਂਦਾ ਹੈ, ਤਾਂ ਆਪ ਵੀ ਇਸ ਨੂੰ ਠੀਕ ਕਰਨ ਦਾ ਕੰਮ ਕਰੇਗੀ। ਉਨ੍ਹਾਂ ਕਿਹਾ, "ਜੇਕਰ ਤੁਸੀਂ ਗੋਦੀ ਜਾਂ ਪੱਪੂ ਮੀਡੀਆ ਦੇ ਐਂਗਲ ਤੋਂ ਪੇਸ਼ ਕੀਤੇ ਜਾ ਰਹੇ ਅਧੂਰੇ ਸੱਚ ਨੂੰ ਆਧਾਰ ਬਣਾ ਕੇ ਉਸ ਅਧੂਰੇ ਸੱਚ ਨੂੰ ਆਪਣਾ ਜਾਂ ਪੂਰਾ ਸੱਚ ਬਣਾ ਕੇ ਪੇਸ਼ ਕਰਦੇ ਹੋ, ਤਾਂ ਅਸੀਂ ਵੀ ਇਸ ਨੂੰ ਠੀਕ ਕਰਨ ਦਾ ਕੰਮ ਕਰਾਂਗੇ। ਜੇਕਰ ਤੁਸੀਂ ਇਸ ਤੋਂ ਬਾਅਦ ਇਸ ਨੂੰ 'ਲੜਾਈ' ਜਾਂ ਆਪਣੇ 'ਤੇ 'ਨਿੱਜੀ ਹਮਲਾ' ਕਰਨਾ ਦੱਸਦੇ ਹੋ, ਤਾਂ ਇਹ ਤੁਹਾਡੀ ਆਪਣੀ ਸਮਝ ਹੈ।"


ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕਾਰੀ ਸਕੂਲਾਂ ਦਾ ਮੁਲਾਂਕਣ ਸਿਰਫ਼ ਨਵੀਂਆਂ ਇਮਾਰਤਾਂ ਦੀ ਉਸਾਰੀ ਨਾਲ ਨਹੀਂ ਕੀਤਾ ਜਾ ਸਕਦਾ, ਉਨ੍ਹਾਂ ਦੀ ਅਸਲ ਪਛਾਣ ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੇ ਨਤੀਜਿਆਂ ਅਤੇ ਮਾਪਿਆਂ ਦੇ ਵਿਸ਼ਵਾਸ ਵਿੱਚ ਹੁੰਦੀ ਹੈ।


ਪੰਜਾਬ ਦੇ ਸਰਕਾਰੀ ਸਕੂਲ ਸਿੱਖਿਆ ਢਾਂਚੇ ਵਿੱਚ ਆਏ ਬਦਲਾਅ ਦੇ ਨਤੀਜਿਆਂ ਦਾ ਜ਼ਿਕਰ ਕਰਦਿਆਂ ਮਨੀਸ਼ ਸਿਸੋਦੀਆ ਨੇ ਦੱਸਿਆ:


* 3.64 ਲੱਖ ਬੱਚਿਆਂ ਨੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਿਆ ਹੈ।

* ਨਹਟ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 80 ਤੋਂ ਵਧ ਕੇ 882 ਹੋ ਗਈ ਹੈ।

* ਚਾਰ ਸਾਲਾਂ ਵਿੱਚ 2,166 ਬੱਚਿਆਂ ਨੇ ਨੀਟ ਅਤੇ 786 ਬੱਚਿਆਂ ਨੇ ਜੇਈਈ ਪਾਸ ਕੀਤਾ ਹੈ। ਉਨ੍ਹਾਂ ਕਿਹਾ, "ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ।"

* 2.30 ਲੱਖ ਬੱਚਿਆਂ ਨੇ 'ਬਿਜ਼ਨਸ ਬਲਾਸਟਰਜ਼' ਰਾਹੀਂ ਆਪਣੇ ਕਾਰੋਬਾਰ ਚਲਾਉਣ ਦੇ ਤਰੀਕੇ ਸਿੱਖੇ।

* ਪੰਜਾਬ ਪਹਿਲੀ ਤੋਂ 12ਵੀਂ ਜਮਾਤ ਤੱਕ ਏਆਈ ਸਿੱਖਿਆ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ।

* 40 ਸਕਿੱਲ ਐਜੂਕੇਸ਼ਨ ਸਕੂਲ ਸ਼ੁਰੂ ਕੀਤੇ ਗਏ ਹਨ।


ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਦਾਅਵਾ ਨਹੀਂ ਕਰ ਰਹੀ ਕਿ ਸਿੱਖਿਆ ਦਾ ਕੰਮ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ, "ਇਹ ਦਾਅਵਾ ਨਹੀਂ ਹੈ ਕਿ ਪੰਜਾਬ ਵਿੱਚ ਸਿੱਖਿਆ ਦਾ ਕੰਮ ਪੂਰਾ ਹੋ ਗਿਆ ਹੈ, ਪਰ ਇਹ ਸਬੂਤ ਜ਼ਰੂਰ ਹੈ ਕਿ ਦਹਾਕਿਆਂ ਤੋਂ ਚੱਲੀ ਆ ਰਹੀ ਮਾੜੀ ਹਾਲਤ ਨੂੰ ਚਾਰ ਸਾਲਾਂ ਵਿੱਚ ਬਦਲ ਦਿੱਤਾ ਗਿਆ ਹੈ।"


ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਬਜਟ ਵੰਡ ਨਾਲ ਸੁਧਾਰੇ ਜਾ ਸਕਦੇ ਹਨ, ਪਰ ਜਨਤਾ ਦਾ ਵਿਸ਼ਵਾਸ ਸਿਰਫ਼ ਇਮਾਨਦਾਰੀ ਨਾਲ ਕੀਤੀ ਮਿਹਨਤ ਨਾਲ ਹੀ ਬਹਾਲ ਹੁੰਦਾ ਹੈ। ਮਨੀਸ਼ ਸਿਸੋਦੀਆ ਨੇ ਸਿੱਟਾ ਕੱਢਦਿਆਂ ਕਿਹਾ, "ਸਰਕਾਰੀ ਸਕੂਲ ਬਜਟ ਨਾਲ ਸੁਧਰਦੇ ਹਨ, ਪਰ ਉਨ੍ਹਾਂ 'ਚ ਲੋਕਾਂ ਦਾ ਵਿਸ਼ਵਾਸ ਇਮਾਨਦਾਰ ਮਿਹਨਤ ਨਾਲ ਹੀ ਵਾਪਸ ਆਉਂਦਾ ਹੈ। ਭਗਵੰਤ ਮਾਨ ਸਰਕਾਰ ਨੇ ਉਸ ਵਿਸ਼ਵਾਸ ਨੂੰ ਬਹਾਲ ਕੀਤਾ ਹੈ ਅਤੇ ਕਰ ਕੇ ਦਿਖਾਇਆ ਹੈ।"

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.