ਤਾਜਾ ਖਬਰਾਂ
ਸੂਤਰਾਂ ਮੁਤਾਬਕ ਅਕਾਲੀ ਦਲ ਵੱਲੋਂ ਆਪਣੇ ਕੁਝ ਆਗੂਆਂ ਨੂੰ ਖਾਸ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਤਿਆਰੀਆਂ ਨਾ ਕਰਨ ਦੀ ਸਲਾਹ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਇਸ ਨੂੰ ਦੋਵੇਂ ਪਾਰਟੀਆਂ ਵਿਚਾਲੇ ਸੰਭਾਵਿਤ ਸੀਟ ਵੰਡ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਖਾਸ ਤੌਰ ’ਤੇ ਕੁਝ ਪੇਂਡੂ ਹਲਕਿਆਂ ਵਿੱਚ ਅਕਾਲੀ ਦਲ ਦੀਆਂ ਸਰਗਰਮੀਆਂ ਘਟਣ ਦੀਆਂ ਖ਼ਬਰਾਂ ਨੇ ਗਠਜੋੜ ਦੀਆਂ ਚਰਚਾਵਾਂ ਨੂੰ ਹੋਰ ਹਵਾ ਦਿੱਤੀ ਹੈ।
ਉੱਧਰ ਭਾਜਪਾ ਨੇ ਵੀ ਪੰਜਾਬ ਵਿੱਚ ਆਪਣੀਆਂ ਸਿਆਸੀ ਅਤੇ ਜਥੇਬੰਦਕ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐੱਲ. ਸੰਤੋਸ਼ ਦੇ ਪੰਜਾਬ ਦੌਰੇ ਦੌਰਾਨ ਪਾਰਟੀ ਆਗੂਆਂ ਨੂੰ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਤਿਆਰੀ ਕਰਨ ਦੇ ਨਿਰਦੇਸ਼ ਦਿੱਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਹਾਲਾਂਕਿ, ਸੂਤਰਾਂ ਅਨੁਸਾਰ ਬੀ.ਐੱਲ. ਸੰਤੋਸ਼ ਨੇ ਅਕਾਲੀ ਦਲ ਨਾਲ ਸੰਭਾਵਿਤ ਗੱਠਜੋੜ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ। ਇਸ ਕਾਰਨ ਭਾਜਪਾ ਵੱਲੋਂ 117 ਸੀਟਾਂ ’ਤੇ ਤਿਆਰੀ ਕਰਨ ਅਤੇ ਅਕਾਲੀ ਦਲ ਵੱਲੋਂ ਕੁਝ ਹਲਕਿਆਂ ਵਿੱਚ ਆਪਣੀਆਂ ਤਿਆਰੀਆਂ ਸੀਮਤ ਕਰਨ ਨੂੰ ਸੀਟ ਵੰਡ ਦੀ ਰਣਨੀਤੀ ਨਾਲ ਜੋੜਿਆ ਜਾ ਰਿਹਾ ਹੈ।
ਜੇਕਰ ਦੋਵੇਂ ਪਾਰਟੀਆਂ ਵਿਚਾਲੇ ਗੱਠਜੋੜ ਹੁੰਦਾ ਹੈ ਤਾਂ ਸੀਟਾਂ ਦੀ ਵੰਡ ਸਭ ਤੋਂ ਵੱਡਾ ਮੁੱਦਾ ਬਣ ਸਕਦੀ ਹੈ। ਪਿਛਲੇ ਸਮੇਂ ਵਿੱਚ ਅਕਾਲੀ ਦਲ-ਭਾਜਪਾ ਗੱਠਜੋੜ ਵਿੱਚ ਅਕਾਲੀ ਦਲ ਵੱਡੇ ਭਾਈਵਾਲ ਦੀ ਭੂਮਿਕਾ ਵਿੱਚ ਰਿਹਾ ਹੈ ਅਤੇ ਭਾਜਪਾ ਦਾ ਮੁੱਖ ਆਧਾਰ ਸ਼ਹਿਰੀ ਵਿਧਾਨ ਸਭਾ ਹਲਕੇ ਰਹੇ ਹਨ। ਹੁਣ ਜੇਕਰ ਭਾਜਪਾ ਵੱਧ ਸੀਟਾਂ ’ਤੇ ਚੋਣ ਲੜਨ ਦੀ ਸਥਿਤੀ ਵਿੱਚ ਆਉਂਦੀ ਹੈ ਤਾਂ ਇਹ ਪੁਰਾਣੇ ਸਿਆਸੀ ਸਮੀਕਰਨਾਂ ਵਿੱਚ ਵੱਡਾ ਬਦਲਾਅ ਮੰਨਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਅਕਾਲੀ ਦਲ ਅਤੇ ਭਾਜਪਾ ਲੰਬੇ ਸਮੇਂ ਤੱਕ ਪੰਜਾਬ ਵਿੱਚ ਇਕੱਠੇ ਚੋਣਾਂ ਲੜਦੇ ਰਹੇ ਹਨ। ਸਾਲ 2020 ਵਿੱਚ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਦੋਵੇਂ ਪਾਰਟੀਆਂ ਦਾ ਗੱਠਜੋੜ ਟੁੱਟ ਗਿਆ ਸੀ। ਹੁਣ ਜੇਕਰ ਦੋਵੇਂ ਮੁੜ ਇਕੱਠੇ ਹੁੰਦੇ ਹਨ ਤਾਂ ਇਸ ਦਾ ਸਿੱਧਾ ਪ੍ਰਭਾਵ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਅਤੇ ਸੂਬੇ ਦੇ ਸਿਆਸੀ ਸਮੀਕਰਨਾਂ ’ਤੇ ਪੈ ਸਕਦਾ ਹੈ।
ਫਿਲਹਾਲ ਗੱਠਜੋੜ ਨੂੰ ਲੈ ਕੇ ਅਧਿਕਾਰਤ ਐਲਾਨ ਦੀ ਉਡੀਕ ਹੈ। ਪਰ ਸੀਟ ਵੰਡ ਅਤੇ ਦੋਵੇਂ ਪਾਰਟੀਆਂ ਦੀਆਂ ਤਿਆਰੀਆਂ ਨਾਲ ਜੁੜੀਆਂ ਖ਼ਬਰਾਂ ਨੇ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਿਆਸੀ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਚਰਚਾ ਤੇਜ਼ ਕਰ ਦਿੱਤੀ ਹੈ।
Get all latest content delivered to your email a few times a month.