IMG-LOGO
ਹੋਮ ਪੰਜਾਬ: ਸ਼ੰਭੂ ਰੇਲਵੇ ਟਰੈਕ ਧਮਾਕਾ: NIA ਨੇ ਜਗਰੂਪ ਸਿੰਘ ਦੇ ਪਰਿਵਾਰ...

ਸ਼ੰਭੂ ਰੇਲਵੇ ਟਰੈਕ ਧਮਾਕਾ: NIA ਨੇ ਜਗਰੂਪ ਸਿੰਘ ਦੇ ਪਰਿਵਾਰ ਦਾ DNA ਲੈਣ ਲਈ ਮੋਹਾਲੀ ਅਦਾਲਤ ਦਾ ਰੁਖ ਕੀਤਾ

Admin User - Aug 26, 2026 03:44 PM
IMG

ਪੰਜਾਬ ਦੇ ਸ਼ੰਭੂ ਰੇਲਵੇ ਟਰੈਕ ’ਤੇ ਹੋਏ IED ਧਮਾਕੇ ਦੀ ਜਾਂਚ ਹੁਣ ਇੱਕ ਅਹਿਮ ਪੜਾਅ ’ਤੇ ਪਹੁੰਚ ਗਈ ਹੈ। ਕੌਮੀ ਜਾਂਚ ਏਜੰਸੀ (NIA) ਨੇ ਮਾਮਲੇ ਦੇ ਮੁੱਖ ਮੁਲਜ਼ਮ ਦੱਸੇ ਜਾ ਰਹੇ ਤਰਨਤਾਰਨ ਵਾਸੀ ਜਗਰੂਪ ਸਿੰਘ ਉਰਫ਼ ਜੂਪਾ ਦੇ ਪਰਿਵਾਰਕ ਮੈਂਬਰਾਂ ਦੇ DNA ਸੈਂਪਲ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦਾ ਮਕਸਦ ਧਮਾਕੇ ਵਾਲੀ ਥਾਂ ਤੋਂ ਮਿਲੇ ਮਨੁੱਖੀ ਅਵਸ਼ੇਸ਼ਾਂ ਅਤੇ ਖ਼ੂਨ ਦੇ ਨਿਸ਼ਾਨਾਂ ਦੀ ਵਿਗਿਆਨਕ ਤਰੀਕੇ ਨਾਲ ਪਛਾਣ ਕਰਨਾ ਹੈ।

ਇਸ ਸਬੰਧੀ NIA ਨੇ ਜਗਰੂਪ ਸਿੰਘ ਦੀ ਮਾਤਾ ਬਲਵਿੰਦਰ ਕੌਰ ਅਤੇ ਭਰਾ ਸਤਨਾਮ ਸਿੰਘ ਦੇ DNA ਨਮੂਨੇ ਲੈਣ ਦੀ ਇਜਾਜ਼ਤ ਲਈ ਮੋਹਾਲੀ ਸਥਿਤ ਵਿਸ਼ੇਸ਼ NIA ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ। ਜਾਣਕਾਰੀ ਮੁਤਾਬਕ ਅਦਾਲਤ ਵੱਲੋਂ ਇਸ ਅਰਜ਼ੀ ’ਤੇ ਸਤੰਬਰ ਦੇ ਪਹਿਲੇ ਹਫ਼ਤੇ ਸੁਣਵਾਈ ਕੀਤੇ ਜਾਣ ਦੀ ਉਮੀਦ ਹੈ। ਅਦਾਲਤੀ ਮਨਜ਼ੂਰੀ ਮਿਲਣ ਤੋਂ ਬਾਅਦ DNA ਸੈਂਪਲ ਇਕੱਠੇ ਕਰਕੇ ਘਟਨਾ ਸਥਾਨ ਤੋਂ ਮਿਲੇ ਅਵਸ਼ੇਸ਼ਾਂ ਨਾਲ ਉਨ੍ਹਾਂ ਦਾ ਮਿਲਾਨ ਕੀਤਾ ਜਾਵੇਗਾ।

27 ਅਪ੍ਰੈਲ 2026 ਦੀ ਰਾਤ ਕਰੀਬ 8:23 ਤੋਂ 8:30 ਵਜੇ ਦੇ ਵਿਚਕਾਰ ਪਟਿਆਲਾ ਜ਼ਿਲ੍ਹੇ ਵਿੱਚ ਰਾਜਪੁਰਾ ਅਤੇ ਸ਼ੰਭੂ ਰੇਲਵੇ ਸਟੇਸ਼ਨਾਂ ਦਰਮਿਆਨ ਡੈਡੀਕੇਟਿਡ ਫਰੇਟ ਕੋਰੀਡੋਰ ’ਤੇ ਜ਼ਬਰਦਸਤ ਧਮਾਕਾ ਹੋਇਆ ਸੀ। ਧਮਾਕੇ ਦੀ ਲਪੇਟ ਵਿੱਚ ਆਉਣ ਕਾਰਨ ਰੇਲਵੇ ਟਰੈਕ ਦਾ ਇੱਕ ਸੀਮਿੰਟ ਸਲੀਪਰ ਨੁਕਸਾਨਿਆ ਗਿਆ ਸੀ। ਹਾਲਾਂਕਿ ਉਸ ਸਮੇਂ ਉੱਥੋਂ ਲੰਘ ਰਹੀ ਮਾਲਗੱਡੀ ਨੂੰ ਵੱਡਾ ਨੁਕਸਾਨ ਨਹੀਂ ਹੋਇਆ।

ਧਮਾਕੇ ਤੋਂ ਬਾਅਦ ਮੌਕੇ ’ਤੇ ਕਰੀਬ 200 ਗਜ਼ ਦੇ ਘੇਰੇ ਵਿੱਚ ਮਨੁੱਖੀ ਸਰੀਰ ਦੇ ਕਈ ਅਵਸ਼ੇਸ਼ ਖਿੱਲਰੇ ਮਿਲੇ ਸਨ। ਜਾਂਚ ਏਜੰਸੀਆਂ ਨੂੰ ਸ਼ੱਕ ਸੀ ਕਿ ਵਿਅਕਤੀ ਰੇਲਵੇ ਟਰੈਕ ’ਤੇ IED ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਧਮਾਕਾ ਸਮੇਂ ਤੋਂ ਪਹਿਲਾਂ ਹੋਣ ਕਾਰਨ ਉਹ ਖ਼ੁਦ ਹੀ ਇਸ ਦੀ ਲਪੇਟ ਵਿੱਚ ਆ ਗਿਆ।

ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ਤੋਂ ਮਿਲੇ ਮੋਬਾਈਲ ਫ਼ੋਨ, ਸਿਮ ਕਾਰਡ, ਤਕਨੀਕੀ ਸਬੂਤਾਂ ਅਤੇ ਨੇੜਲੇ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ। ਇਨ੍ਹਾਂ ਸਬੂਤਾਂ ਦੇ ਆਧਾਰ ’ਤੇ ਮ੍ਰਿਤਕ ਦੀ ਪਛਾਣ ਜਗਰੂਪ ਸਿੰਘ ਵਜੋਂ ਕੀਤੀ ਗਈ। ਉਸ ਦੇ ਮੋਬਾਈਲ ਫ਼ੋਨ ਤੋਂ ਹੋਈਆਂ ਕਾਲਾਂ ਅਤੇ ਸੰਪਰਕਾਂ ਦੀ ਜਾਂਚ ਰਾਹੀਂ ਕਥਿਤ ਤੌਰ ’ਤੇ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਤੱਕ ਵੀ ਪੁਲਿਸ ਪਹੁੰਚੀ।

ਹੁਣ NIA DNA ਟੈਸਟ ਰਾਹੀਂ ਇਸ ਪਛਾਣ ਦੀ ਵਿਗਿਆਨਕ ਪੁਸ਼ਟੀ ਕਰਨਾ ਚਾਹੁੰਦੀ ਹੈ। ਜੇਕਰ ਪਰਿਵਾਰਕ DNA ਨਾਲ ਘਟਨਾ ਸਥਾਨ ਤੋਂ ਮਿਲੇ ਮਨੁੱਖੀ ਅਵਸ਼ੇਸ਼ਾਂ ਦਾ ਮੇਲ ਹੋ ਜਾਂਦਾ ਹੈ ਤਾਂ ਜਗਰੂਪ ਸਿੰਘ ਦੀ ਪਛਾਣ ਦੀ ਪੁਸ਼ਟੀ ਹੋ ਜਾਵੇਗੀ। ਜੇਕਰ DNA ਮੇਲ ਨਹੀਂ ਖਾਂਦਾ ਤਾਂ ਜਾਂਚ ਨੂੰ ਇੱਕ ਨਵੇਂ ਪੱਖ ਤੋਂ ਅੱਗੇ ਵਧਾਉਣਾ ਪਵੇਗਾ।

NIA ਦੀ ਜਾਂਚ ਵਿੱਚ ਇਸ ਮਾਮਲੇ ਦੇ ਸਬੰਧ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ISI ਅਤੇ ਵਿਦੇਸ਼ ਵਿੱਚ ਬੈਠੇ ਕਥਿਤ ਦੇਸ਼-ਵਿਰੋਧੀ ਤੱਤਾਂ ਨਾਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸੇ ਜਾਂਚ ਦੇ ਤਹਿਤ ਮਲੇਸ਼ੀਆ ਤੋਂ ਡਿਪੋਰਟ ਕੀਤੇ ਗਏ ਮਨਜੀਤ ਸਿੰਘ ਵਾਸੀ ਘਨੌਰ ਅਤੇ ਗੁਰਵਿੰਦਰ ਸਿੰਘ ਵਾਸੀ ਅੰਬਾਲਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ।

ਜਾਂਚ ਏਜੰਸੀਆਂ ਮੁਤਾਬਕ ਧਮਾਕੇ ਦਾ ਮਕਸਦ ਰੇਲਵੇ ਢਾਂਚੇ ਨੂੰ ਨੁਕਸਾਨ ਪਹੁੰਚਾਉਣਾ ਅਤੇ ਰੇਲ ਆਵਾਜਾਈ ਨੂੰ ਪ੍ਰਭਾਵਿਤ ਕਰਨਾ ਹੋ ਸਕਦਾ ਸੀ। ਘਟਨਾ ਤੋਂ ਬਾਅਦ ਰੇਲ ਆਵਾਜਾਈ ਨੂੰ ਕਈ ਘੰਟਿਆਂ ਤੱਕ ਰੋਕਣਾ ਪਿਆ ਸੀ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਜਾਂਚ NIA ਦੇ ਹਵਾਲੇ ਕਰ ਦਿੱਤੀ ਸੀ। ਇਸ ਮਾਮਲੇ ਵਿੱਚ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3 ਅਤੇ ਰੇਲਵੇ ਐਕਟ ਦੀ ਧਾਰਾ 150 ਤਹਿਤ ਕੇਸ ਦਰਜ ਕੀਤਾ ਗਿਆ ਸੀ।

ਹੁਣ DNA ਸੈਂਪਲਾਂ ਦੀ ਮੰਗ ਵਾਲੀ ਅਰਜ਼ੀ ਇਸ ਜਾਂਚ ਵਿੱਚ ਇੱਕ ਅਹਿਮ ਕੜੀ ਮੰਨੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ DNA ਅਤੇ ਘਟਨਾ ਸਥਾਨ ਤੋਂ ਮਿਲੇ ਮਨੁੱਖੀ ਅਵਸ਼ੇਸ਼ਾਂ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਧਮਾਕੇ ਵਿੱਚ ਮਰਨ ਵਾਲਾ ਵਿਅਕਤੀ ਜਗਰੂਪ ਸਿੰਘ ਹੀ ਸੀ ਜਾਂ ਨਹੀਂ। ਇਸ ਦੇ ਨਾਲ ਹੀ NIA ਵੱਲੋਂ ਮਾਮਲੇ ਦੇ ਕਥਿਤ ਅੰਤਰਰਾਸ਼ਟਰੀ ਨੈੱਟਵਰਕ ਅਤੇ ਇਸ ਵਿੱਚ ਸ਼ਾਮਲ ਹੋਰ ਲੋਕਾਂ ਦੀ ਭੂਮਿਕਾ ਦੀ ਜਾਂਚ ਵੀ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.