ਤਾਜਾ ਖਬਰਾਂ
ਸਮਾਜ ਵਿੱਚ ਜਾਇਦਾਦ ਦੇ ਝਗੜਿਆਂ ਦੇ ਚੱਲਦਿਆਂ ਫ਼ਿਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਤੋਂ ਮਾਨਵਤਾ ਦੀ ਇੱਕ ਵਿਲੱਖਣ ਅਤੇ ਮਿਸਾਲੀ ਖ਼ਬਰ ਸਾਹਮਣੇ ਆਈ ਹੈ। ਪਿੰਡ ਦੇ ਸਰਪੰਚ ਕੁਲਦੀਪ ਸਿੰਘ ਭੁੱਲਰ ਨੇ ਆਪਣੀ ਲਗਭਗ 3 ਕਰੋੜ ਰੁਪਏ ਦੀ ਨਿੱਜੀ ਜਾਇਦਾਦ ਅੰਮ੍ਰਿਤਸਰ ਸਥਿਤ ਪ੍ਰਸਿੱਧ ਸਮਾਜ ਸੇਵੀ ਸੰਸਥਾ 'ਪਿੰਗਲਵਾੜਾ' ਦੇ ਨਾਮ ਕਰਨ ਦਾ ਐਲਾਨ ਕੀਤਾ ਹੈ। ਇਸ ਵਸੀਅਤ ਵਿੱਚ ਜ਼ਮੀਨ ਤੋਂ ਇਲਾਵਾ ਡਿਜੀਟਲ ਲੈਣ-ਦੇਣ ਦੀ ਰਕਮ, ਆਰ.ਬੀ.ਆਈ. ਫਲੋਟਿੰਗ ਬੌਂਡ, ਗੋਲਡ ਬੌਂਡ ਅਤੇ ਬੈਂਕ ਬੈਲੇਂਸ ਸ਼ਾਮਲ ਹਨ।
ਸਰਪੰਚ ਭੁੱਲਰ ਨੇ ਨਾ ਸਿਰਫ਼ ਪਿੰਗਲਵਾੜੇ ਨੂੰ ਆਪਣੀ ਜਾਇਦਾਦ ਸੌਂਪੀ ਹੈ, ਸਗੋਂ ਆਪਣੇ ਪਿੰਡ ਦੇ ਸੁਧਾਰ ਲਈ ਵੀ ਅਹਿਮ ਕਦਮ ਚੁੱਕੇ ਹਨ। ਉਨ੍ਹਾਂ ਨੇ ਪਿੰਡ ਦੇ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਖ਼ਰਚੇ ਲਈ 10 ਲੱਖ ਰੁਪਏ ਦੀ ਐੱਫ.ਡੀ. (FD) ਰਾਖਵੀਂ ਕੀਤੀ ਹੈ। ਇਸ ਦੇ ਨਾਲ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨਾਮ 'ਤੇ ਵੀ 10 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਕੁਲਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੇ 60 ਸਾਲ ਦੀ ਉਮਰ ਪੂਰੀ ਹੋਣ 'ਤੇ ਭਗਤ ਪੂਰਨ ਸਿੰਘ ਦੀ ਬਰਸੀ (5 ਅਗਸਤ) ਵਾਲੇ ਦਿਨ ਆਪਣੀ ਜਾਇਦਾਦ ਦਾਨ ਕਰਨ ਦਾ ਸੰਕਲਪ ਲਿਆ ਸੀ। ਇਸ ਪ੍ਰੇਰਨਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਇੱਕ ਗੰਭੀਰ ਸਿਹਤ ਸੰਕਟ ਤੋਂ ਸੁਰੱਖਿਅਤ ਨਿਕਲਣ ਤੋਂ ਬਾਅਦ ਉਨ੍ਹਾਂ ਦੀ ਸੋਚ ਵਿੱਚ ਵੱਡਾ ਬਦਲਾਅ ਆਇਆ। ਉਨ੍ਹਾਂ ਮਹਿਸੂਸ ਕੀਤਾ ਕਿ ਜੇਕਰ ਪ੍ਰਮਾਤਮਾ ਨੇ ਲੋੜ ਤੋਂ ਵੱਧ ਦਿੱਤਾ ਹੈ, ਤਾਂ ਉਸ ਨੂੰ ਸਮਾਜ ਦੇ ਲੋੜਵੰਦਾਂ ਦੇ ਲੇਖੇ ਲਗਾਉਣਾ ਹੀ ਸੱਚੀ ਸੇਵਾ ਹੈ। ਉਨ੍ਹਾਂ ਦੀ ਇਸ ਵਿਲੱਖਣ ਪਹਿਲ ਦੀ ਪੂਰੇ ਇਲਾਕੇ ਵਿੱਚ ਭਰਪੂਰ ਸ਼ਲਾਘਾ ਹੋ ਰਹੀ ਹੈ।
Get all latest content delivered to your email a few times a month.