ਤਾਜਾ ਖਬਰਾਂ
ਸੇਂਟ ਸੋਲਜਰ ਕਾਲਜ ਦੀ ਲੈਕਚਰਾਰ ਨੇਹਾ ਬੱਸੀ ਨੂੰ ਧੱਕੇ ਨਾਲ ਟਾਇਲਟ ਕਲੀਨਰ (ਹਾਰਪਿਕ) ਪਿਲਾ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ 'ਚ ਜਲੰਧਰ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਫ਼ਰਾਰ ਚੱਲ ਰਹੇ ਮ੍ਰਿਤਕਾ ਦੇ ਪਤੀ ਉਮੰਗ ਬੱਸੀ ਅਤੇ ਸੱਸ ਕੁਸੁਮ ਬੱਸੀ ਨੂੰ ਮੱਧ ਪ੍ਰਦੇਸ਼ ਦੇ ਉੱਜੈਨ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 6 ਸਾਲਾ ਧੀ ਨੂੰ ਵੀ ਸੁਰੱਖਿਅਤ ਬਰਾਮਦ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਨੂੰ ਜਲੰਧਰ ਲਿਆਂਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਉਮੰਗ ਦੀ ਕਥਿਤ ਪ੍ਰੇਮਿਕਾ ਸਤਪਾਲ ਕੌਰ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਕੇਸ 'ਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਜਾਂਚ ਅਧਿਕਾਰੀ ਬੋਧਰਾਜ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਸਬੰਧਤ ਥਾਣਾ ਮੁੱਖੀ (SHO) ਦਾ ਤਬਾਦਲਾ ਕੀਤਾ ਗਿਆ ਸੀ।
ਮਾਮਲੇ 'ਚ ਨਵਾਂ ਮੋੜ ਉਦੋਂ ਆਇਆ ਜਦੋਂ ਮੁਲਜ਼ਮ ਸਤਪਾਲ ਕੌਰ ਦੇ ਪਤੀ ਵਿਸ਼ਾਲ ਸ਼ਰਮਾ ਨੇ ਪੁਲਿਸ ਅਤੇ ਮੀਡੀਆ ਸਾਹਮਣੇ ਸਨਸਨੀਖੇਜ਼ ਖੁਲਾਸੇ ਕੀਤੇ। ਹੈਦਰਾਬਾਦ 'ਚ ਸਾਈਬਰ ਸੁਰੱਖਿਆ ਸਲਾਹਕਾਰ ਵਜੋਂ ਕੰਮ ਕਰਦੇ ਵਿਸ਼ਾਲ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਉਮੰਗ ਬੱਸੀ ਨਾਲ ਪਿਛਲੇ 3 ਸਾਲਾਂ ਤੋਂ ਨਜਾਇਜ਼ ਸੰਬੰਧ ਚੱਲ ਰਿਹਾ ਸੀ। ਵਿਸ਼ਾਲ ਅਨੁਸਾਰ ਉਸ ਨੂੰ ਦੋਵਾਂ ਵਿਚਕਾਰ ਹੋਈ 206 ਪੰਨਿਆਂ ਦੀ ਵਟਸਐਪ ਚੈਟ ਮਿਲੀ ਹੈ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਉਹ 15 ਦਿਨਾਂ ਤੋਂ ਆਪਣੇ-ਆਪਣੇ ਜੀਵਨ ਸਾਥੀਆਂ ਨੂੰ ਰਸਤੇ ਤੋਂ ਹਟਾਉਣ ਦੀ ਸਾਜ਼ਿਸ਼ ਰਚ ਰਹੇ ਸਨ।
ਵਿਸ਼ਾਲ ਸ਼ਰਮਾ ਨੇ ਦੋਸ਼ ਲਗਾਇਆ ਕਿ ਉਮੰਗ ਬੱਸੀ ਨੇ ਕੁਝ ਸਮਾਂ ਪਹਿਲਾਂ ਉਸ ਦੀ ਧੀ ਦੇ ਸਕੂਲ ਬਾਹਰ ਉਸ 'ਤੇ ਵੀ ਤੇਜ਼ਧਾਰ ਹਥਿਆਰ ਨਾਲ ਜਾਨਲੇਵਾ ਹਮਲਾ ਕੀਤਾ ਸੀ, ਪਰ ਸਿਆਸੀ ਦਬਾਅ ਕਾਰਨ ਤਤਕਾਲੀ ਕਾਰਵਾਈ ਨਹੀਂ ਹੋਈ। ਵਿਸ਼ਾਲ ਨੇ ਦੱਸਿਆ ਕਿ ਉਹ ਤਾਂ ਹੈਦਰਾਬਾਦ ਹੋਣ ਕਰਕੇ ਬਚ ਗਿਆ, ਪਰ ਉਮੰਗ ਅਤੇ ਉਸ ਦੀ ਮਾਂ ਨੇ ਮਿਲ ਕੇ ਨੇਹਾ ਬੱਸੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇੱਕ ਅਵੈਧ ਸੰਬੰਧ ਨੇ ਦੋ ਹੱਸਦੇ-ਵੱਸਦੇ ਪਰਿਵਾਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਪੁਲਿਸ ਵੱਲੋਂ ਜਲਦ ਹੀ ਪ੍ਰੈੱਸ ਕਾਨਫ਼ਰੰਸ ਕਰਕੇ ਮਾਮਲੇ ਦੇ ਹੋਰ ਅਹਿਮ ਵੇਰਵੇ ਸਾਂਝੇ ਕੀਤੇ ਜਾਣ ਦੀ ਉਮੀਦ ਹੈ।
Get all latest content delivered to your email a few times a month.