IMG-LOGO
ਹੋਮ ਅੰਤਰਰਾਸ਼ਟਰੀ: ਪਾਕਿਸਤਾਨੀ ਗਾਇਕਾਂ ਵੱਲੋਂ ਗਾਈ ਮਸ਼ਹੂਰ ਗ਼ਜ਼ਲ ਦੇ ਰਚੇਤਾ ਮਰਹੂਮ ਸੁਖਬੀਰ...

ਪਾਕਿਸਤਾਨੀ ਗਾਇਕਾਂ ਵੱਲੋਂ ਗਾਈ ਮਸ਼ਹੂਰ ਗ਼ਜ਼ਲ ਦੇ ਰਚੇਤਾ ਮਰਹੂਮ ਸੁਖਬੀਰ ਸੰਧੂ ਦੀ ਪੁਸਤਕ 'ਪਾਇਲ' 53 ਸਾਲ ਬਾਅਦ ਜੱਦੀ ਪਿੰਡ ਕਲਸੀਆਂ 'ਚ ਹੋਈ ਲੋਕ-ਅਰਪਣ

Admin User - Aug 26, 2026 12:29 PM
IMG

ਨੁਸਰਤ ਫ਼ਤਹਿ ਅਲੀ ਖ਼ਾਨ, ਨਸੀਬੋ ਲਾਲ, ਨਜ਼ਾਕਤ ਅਲੀ, ਮਰਾਤਬ ਅਲੀ ਅਤੇ ਅਕਰਮ ਰਾਹੀ ਵਰਗੇ ਪਾਕਿਸਤਾਨ ਦੇ ਪ੍ਰਸਿੱਧ ਗਾਇਕਾਂ ਦੁਆਰਾ ਗਾਈ ਜਗਤ-ਪ੍ਰਸਿੱਧ ਗ਼ਜ਼ਲ "ਉਸ ਬੇਵਫ਼ਾ ਦੀ ਯਾਦ ਵਿੱਚ ਰੋਇਆ ਕਰਾਂ ਕਿ ਨਾ" ਦੇ ਲੇਖਕ ਮਰਹੂਮ ਸੁਖਬੀਰ ਸਿੰਘ ਸੰਧੂ ਦਾ ਗ਼ਜ਼ਲ ਸੰਗ੍ਰਹਿ 'ਪਾਇਲ' ਉਨ੍ਹਾਂ ਦੇ ਜੱਦੀ ਪਿੰਡ ਕਲਸੀਆਂ (ਨੇੜੇ ਖਾਲੜਾ) ਵਿਖੇ ਇੱਕ ਅਨੋਖੇ ਅਤੇ ਭਾਵਪੂਰਤ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਸਾਲ 1973 ਵਿੱਚ ਪਹਿਲੀ ਵਾਰ ਛਪੀ ਇਸ ਪੁਸਤਕ ਨੂੰ ਪੂਰੇ 53 ਸਾਲ ਬਾਅਦ 'ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ' ਵੱਲੋਂ ਮੁੜ ਪ੍ਰਕਾਸ਼ਿਤ ਕੀਤਾ ਗਿਆ ਹੈ।


ਸੇਵਾਮੁਕਤ ਈ.ਟੀ.ਓ. ਸੁਰਜੀਤ ਸਿੰਘ ਸੰਧੂ ਦੇ ਵਿਸ਼ੇਸ਼ ਯਤਨਾਂ ਨਾਲ ਕਰਵਾਇਆ ਗਿਆ ਇਹ ਸਮਾਗਮ ਮਹਿਜ਼ ਇੱਕ ਸਾਹਿਤਕ ਪ੍ਰੋਗਰਾਮ ਤੱਕ ਸੀਮਤ ਨਾ ਰਹਿ ਕੇ ਪੂਰੇ ਪਿੰਡ ਲਈ ਵਿਆਹ ਵਰਗਾ ਸਾਂਝਾ ਜਸ਼ਨ ਬਣ ਗਿਆ। ਆਮ ਤੌਰ 'ਤੇ ਪੁਸਤਕਾਂ ਕਿਸੇ ਹਾਲ ਜਾਂ ਵੱਡੇ ਸ਼ਹਿਰੀ ਸਮਾਗਮਾਂ 'ਚ ਲੋਕ-ਅਰਪਣ ਹੁੰਦੀਆਂ ਹਨ, ਪਰ ਕਲਸੀਆਂ ਵਾਸੀਆਂ ਨੇ ਇਹ ਪੁਸਤਕ ਰਿਲੀਜ਼ ਕਰਨ ਉਪਰੰਤ ਪਿੰਡ ਦੇ ਹਰੇਕ ਘਰ ਵਿੱਚ ਭਾਜੀ ਵਾਂਗ ਵੰਡ ਕੇ ਇੱਕ ਨਵੀਂ ਮਿਸਾਲ ਕਾਇਮ ਕੀਤੀ।


ਸਮਾਗਮ ਦੀ ਅਗਵਾਈ ਕਰਦਿਆਂ ਸ੍ਰ. ਸੁਰਜੀਤ ਸਿੰਘ ਸੰਧੂ ਨੇ ਕਿਹਾ ਕਿ ਜਦੋਂ ਕਿਸੇ ਪਿੰਡ ਦਾ ਜੰਪਲ ਸਾਹਿਤ ਵਿੱਚ ਵੱਡਾ ਨਾਂ ਕਮਾਉਂਦਾ ਹੈ, ਤਾਂ ਉਸ ਦੀ ਸਫ਼ਲਤਾ ਪੂਰੇ ਪਿੰਡ ਦਾ ਸਰਮਾਇਆ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੇਖਕ ਨੂੰ ਸਭ ਤੋਂ ਵੱਡੀ ਪਛਾਣ ਅਤੇ ਸਨਮਾਨ ਉਸ ਦੀ ਆਪਣੀ ਮਿੱਟੀ ਤੋਂ ਹੀ ਮਿਲਦਾ ਹੈ। ਉਨ੍ਹਾਂ ਨੇ 53 ਸਾਲ ਬਾਅਦ ਇਸ ਅਣਮੋਲ ਪੁਸਤਕ ਨੂੰ ਲੱਭ ਕੇ ਮੁੜ ਛਪਵਾਉਣ ਲਈ ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਡਾ. ਆਤਮਜੀਤ, ਜਸਬੀਰ ਭੁੱਲਰ, ਗੁਰਬੀਰ ਸਿੰਘ ਬਰਾੜ ਅਤੇ ਡਾ. ਨਰੇਸ਼ ਵਰਗੇ ਨਾਮਵਰ ਲੇਖਕਾਂ ਨੇ ਇਸ ਪੁਸਤਕ ਬਾਰੇ ਅਹਿਮ ਲੇਖ ਲਿਖ ਕੇ ਵੱਡਾ ਯੋਗਦਾਨ ਪਾਇਆ ਹੈ। 1932 'ਚ ਜਨਮੇ ਸ. ਸਰਦਾਰਾ ਸਿੰਘ ਸੰਧੂ ਦੇ ਨਿੱਕੇ ਪੁੱਤਰ ਸੁਖਬੀਰ ਸੰਧੂ ਦੀ ਇਸ ਪ੍ਰਾਪਤੀ 'ਤੇ ਅੱਜ ਪੂਰਾ ਪਿੰਡ ਮਾਣ ਮਹਿਸੂਸ ਕਰ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.