IMG-LOGO
ਹੋਮ ਪੰਜਾਬ: ‘ਗੁਰੂ ਸਾਹਿਬ ਨੇ ਬਚਾਇਆ, ਸ਼ੁਕਰਾਨਾ ਕਰਨ ਆਏ ਹਾਂ’: ਤਖ਼ਤ ਸ੍ਰੀ...

‘ਗੁਰੂ ਸਾਹਿਬ ਨੇ ਬਚਾਇਆ, ਸ਼ੁਕਰਾਨਾ ਕਰਨ ਆਏ ਹਾਂ’: ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲ

Admin User - Aug 25, 2026 06:15 PM
IMG

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਪੰਜ ਤਖ਼ਤ ਸਾਹਿਬਾਨ ਦੇ ਦਰਸ਼ਨ-ਦੀਦਾਰੇ ਕਰਨ ਦੀ ਯਾਤਰਾ ਤਹਿਤ ਉਹ ਇੱਥੇ ਪਹੁੰਚੇ ਸਨ। ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ, ਕੋਰ ਕਮੇਟੀ ਮੈਂਬਰ, ਹਲਕਾ ਇੰਚਾਰਜ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਵੀ ਮੌਜੂਦ ਰਹੇ।

ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾਓ ਦੀ ਬਖ਼ਸ਼ਿਸ਼ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਪੰਜਾਬ, ਪੰਜਾਬੀਅਤ ਅਤੇ ਸਮੁੱਚੀ ਸਿੱਖ ਕੌਮ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਆਪਣੇ ਤਖ਼ਤ ਸਾਹਿਬ ਪਹੁੰਚਣ ਨੂੰ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਉਨ੍ਹਾਂ ਦੀ ਰੱਖਿਆ ਕੀਤੀ, ਇਸ ਲਈ ਉਹ ਸ਼ੁਕਰਾਨਾ ਕਰਨ ਲਈ ਤਖ਼ਤ ਸਾਹਿਬ ਵਿਖੇ ਆਏ ਹਨ।

ਦੱਸਣਯੋਗ ਹੈ ਕਿ ਮਹਾਰਾਸ਼ਟਰ ਦੇ ਨਾਂਦੇੜ ਸਥਿਤ ਗੁਰਦੁਆਰਾ ਮਾਤਾ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ’ਤੇ ਕਿਰਪਾਨ ਨਾਲ ਹਮਲਾ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਸਿਹਤਯਾਬ ਹੋਣ ਉਪਰੰਤ ਉਹ ਪਹਿਲੀ ਵਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਅਮਨ-ਸ਼ਾਂਤੀ ਅਤੇ ਤਰੱਕੀ ਲਈ ਅਰਦਾਸ ਕੀਤੀ।

ਸੁਖਬੀਰ ਬਾਦਲ ਨੇ ਪੰਜਾਬ ਦੇ ਮੌਜੂਦਾ ਹਾਲਾਤ ’ਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਤਾਕਤਾਂ ਪੰਜਾਬ ਨੂੰ ਆਪਣਾ ਘਰ ਨਹੀਂ ਮੰਨਦੀਆਂ ਅਤੇ ਸੂਬੇ ਦੀ ਲੀਡਰਸ਼ਿਪ, ਖ਼ਾਸ ਕਰਕੇ ਸਿੱਖ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਾਕਤਾਂ ਦਾ ਮਕਸਦ ਪੰਜਾਬ ਵਿੱਚ ਅਸ਼ਾਂਤੀ ਅਤੇ ਮਾੜੇ ਹਾਲਾਤ ਪੈਦਾ ਕਰਨਾ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਮਜ਼ਬੂਤ ਅਤੇ ਇਕਜੁੱਟ ਲੀਡਰਸ਼ਿਪ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਮੁੜ ਅਸ਼ਾਂਤੀ ਅਤੇ ਮਾੜੇ ਦੌਰ ਨੂੰ ਵਾਪਸ ਨਹੀਂ ਆਉਣ ਦੇਵੇਗਾ ਅਤੇ ਸੂਬੇ ਦੀ ਸ਼ਾਂਤੀ, ਭਾਈਚਾਰਕ ਸਾਂਝ ਅਤੇ ਹਿੱਤਾਂ ਲਈ ਆਪਣੀ ਲੜਾਈ ਜਾਰੀ ਰੱਖੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.