IMG-LOGO
ਹੋਮ ਪੰਜਾਬ: ਕਾਂਗਰਸ ਸੰਸਦ ਮੈਂਬਰ ਧਰਮਵੀਰ ਗਾਂਧੀ ਦਾ ਬਿਆਨ ਬੇਹੱਦ ਸ਼ਰਮਨਾਕ ਅਤੇ...

ਕਾਂਗਰਸ ਸੰਸਦ ਮੈਂਬਰ ਧਰਮਵੀਰ ਗਾਂਧੀ ਦਾ ਬਿਆਨ ਬੇਹੱਦ ਸ਼ਰਮਨਾਕ ਅਤੇ ਘਟੀਆ, ਲੋਕਾਂ ਦੀ ਧਾਰਮਿਕ ਆਸਥਾ 'ਤੇ ਸਿੱਧਾ ਹਮਲਾ: ਕੁਲਦੀਪ ਧਾਲੀਵਾਲ

Admin User - Aug 24, 2026 07:37 PM
IMG

ਚੰਡੀਗੜ੍ਹ, 24 ਅਗਸਤ-

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸ ਸਾਂਸਦ ਧਰਮਵੀਰ ਗਾਂਧੀ ਦੇ ਹਾਲੀਆ ਬਿਆਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਬੇਹੱਦ ਸ਼ਰਮਨਾਕ, ਘਟੀਆ ਅਤੇ ਧਾਰਮਿਕ ਆਸਥਾ 'ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਇਸ ਮੁੱਦੇ 'ਤੇ ਤੁਰੰਤ ਆਪਣਾ ਰੁਖ਼ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ।

ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸਾਡੇ ਬਜ਼ੁਰਗ ਅਤੇ ਗਰੀਬ ਲੋਕ ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ, ਖਾਟੂ ਸ਼ਿਆਮ, ਮਥੁਰਾ ਅਤੇ ਹਰਿਦੁਆਰ ਵਰਗੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਜਾ ਰਹੇ ਹਨ। ਕੀ ਬਜ਼ੁਰਗਾਂ ਅਤੇ ਗਰੀਬਾਂ ਨੂੰ ਮੁਫ਼ਤ ਧਾਰਮਿਕ ਯਾਤਰਾ ਕਰਵਾਉਣਾ ਕੋਈ ਅਪਰਾਧ ਹੈ? ਧਰਮਵੀਰ ਗਾਂਧੀ ਨੂੰ ਇਸ ਕਲਿਆਣਕਾਰੀ ਪਹਿਲਕਦਮੀ ਵਿੱਚ ਕੀ ਬੁਰਾਈ ਨਜ਼ਰ ਆ ਰਹੀ ਹੈ?

ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਤੋਂ ਸਵਾਲ ਕੀਤਾ ਅਤੇ ਪੁੱਛਿਆ ਕਿ ਉਹ ਸਪੱਸ਼ਟ ਕਰਨ ਕਿ ਕੀ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ 'ਆਡੰਬਰ' ਮੰਨਦੀ ਹੈ? ਉਨ੍ਹਾਂ ਅੱਗੇ ਕਿਹਾ ਕਿ ਹਰ ਆਮ ਨਾਗਰਿਕ ਜਾਂ ਗਰੀਬ ਪਰਿਵਾਰ ਨਿੱਜੀ ਤੌਰ 'ਤੇ ਇਹਨਾਂ  ਤੀਰਥ ਸਥਾਨਾਂ 'ਤੇ ਜਾਣ ਦਾ ਖਰਚਾ ਨਹੀ ਚੁਕ ਸਕਦਾ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਉਨ੍ਹਾਂ ਦੇ ਰਹਿਣ, ਖਾਣ-ਪੀਣ ਅਤੇ ਆਉਣ-ਜਾਣ ਦਾ ਬਹਿਤਰੀਨ ਪ੍ਰਬੰਧ ਕੀਤਾ ਹੈ। ਪਿੰਡਾਂ ਵਿੱਚ ਬੱਸਾਂ ਲਈ ਲੰਬੀਆਂ ਲਾਈਨਾਂ ਲੱਗੀਆਂ ਹਨ ਅਤੇ ਲੋਕ ਖੁਸ਼ੀ-ਖੁਸ਼ੀ ਦਰਸ਼ਨਾਂ ਲਈ ਜਾ ਰਹੇ ਹਨ। ਕਾਂਗਰਸ ਨੂੰ ਆਮ ਲੋਕਾਂ ਦੀ ਇਸ ਖੁਸ਼ੀ ਤੋਂ ਕੀ ਤਕਲੀਫ਼ ਹੈ?

ਧਾਲੀਵਾਲ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜਾ ਅਤੇ ਹੋਰ ਧਾਰਮਿਕ ਆਯੋਜਨਾਂ ਦੌਰਾਨ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸ਼ਰਧਾਲੂਆਂ ਲਈ ਵਿਆਪਕ ਪੱਧਰ 'ਤੇ ਇੰਤਜ਼ਾਮ ਕੀਤੇ ਸਨ। ਹੁਣ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਅਵਸਰ 'ਤੇ ਵੀ ਸਰਕਾਰ ਸ਼ਰਧਾ ਅਤੇ ਸਤਿਕਾਰ ਨਾਲ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ। ਉਨ੍ਹਾਂ ਨੇ ਕਾਂਗਰਸੀ ਨੇਤਾਵਾਂ ਤੋਂ ਸਵਾਲ ਕੀਤਾ ਕਿ ਕੀ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣਾ ਵੀ ਕਾਂਗਰਸ ਨੇਤਾਵਾਂ ਦੀ ਨਜ਼ਰ ਵਿੱਚ ਗਲਤ ਕੰਮ ਹੈ?


'ਆਪ' ਨੇਤਾ ਨੇ ਕਿਹਾ ਕਿ ਧਰਮਵੀਰ ਗਾਂਧੀ ਦੇ ਬਿਆਨ 'ਤੇ ਹੁਣ ਰਾਜਾ ਵੜਿੰਗ, ਪ੍ਰਤਾਪ ਬਾਜਵਾ ਅਤੇ ਕਾਂਗਰਸ ਹਾਈਕਮਾਨ ਨੂੰ ਚੁੱਪੀ ਤੋੜਨੀ ਚਾਹੀਦੀ ਹੈ। ਉਨ੍ਹਾਂ ਨੂੰ ਪੰਜਾਬ ਦੀ ਜਨਤਾ ਦੇ ਸਾਹਮਣੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਕਾਂਗਰਸ ਇਸ ਬਿਆਨ ਨਾਲ ਸਹਿਮਤ ਹੈ। ਜੇਕਰ ਉਹ ਸਹਿਮਤ ਨਹੀਂ ਹਨ ਤਾਂ ਕਾਂਗਰਸ ਲੀਡਰਸ਼ਿਪ ਨੂੰ ਜਨਤਕ ਤੌਰ 'ਤੇ ਧਰਮਵੀਰ ਗਾਂਧੀ ਦੇ ਬਿਆਨ ਦੀ ਨਿੰਦਾ ਕਰਨੀ ਚਾਹੀਦੀ ਹੈ ਅਤੇ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।


ਧਾਲੀਵਾਲ ਨੇ ਕਿਹਾ ਕਿ ਰਾਜਨੀਤਿਕ ਵਿਰੋਧ ਆਪਣੀ ਜਗ੍ਹਾ ਹੈ, ਪਰ ਪੰਜਾਬ ਦੀ ਜਨਤਾ ਦੀ ਧਾਰਮਿਕ ਆਸਥਾ ਨੂੰ ਰਾਜਨੀਤੀ ਦੇ ਨਿਸ਼ਾਨੇ 'ਤੇ ਲਿਆਉਣਾ ਕਿਸੇ ਵੀ ਕੀਮਤ 'ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਦੇਸ਼ ਗਰੀਬ, ਬਜ਼ੁਰਗ ਅਤੇ ਆਮ ਲੋਕਾਂ ਨੂੰ ਸਹੂਲਤਾਂ ਦੇਣਾ ਹੈ, ਨਾ ਕਿ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਸਭ ਦੇਖ ਰਹੀ ਹੈ ਅਤੇ ਧਾਰਮਿਕ ਆਸਥਾ ਦਾ ਅਪਮਾਨ ਕਰਨ ਵਾਲੀ ਰਾਜਨੀਤੀ ਦਾ ਜਵਾਬ ਜਨਤਾ ਆਪਣੇ ਤਰੀਕੇ ਨਾਲ ਦੇਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.