IMG-LOGO
ਹੋਮ ਪੰਜਾਬ: ਹਾਈ-ਵੋਲਟੇਜ ਤਾਰਾਂ ਦੀ ਲਪੇਟ ’ਚ ਆ ਕੇ 25 ਸਾਲਾ ਵਕੀਲ...

ਹਾਈ-ਵੋਲਟੇਜ ਤਾਰਾਂ ਦੀ ਲਪੇਟ ’ਚ ਆ ਕੇ 25 ਸਾਲਾ ਵਕੀਲ ਦੀ ਮੌਤ, ਦੋ ਸਾਲ ਪਹਿਲਾਂ ਪਿਤਾ ਨੂੰ ਵੀ ਗੁਆ ਚੁੱਕਾ ਸੀ

Admin User - Aug 24, 2026 07:03 PM
IMG

ਬਰਨਾਲਾ-ਮੋਗਾ ਕੌਮੀ ਮਾਰਗ ’ਤੇ ਪਿੰਡ ਭੋਤਣਾ ਨੇੜੇ ਇੱਕ ਦਰਦਨਾਕ ਹਾਦਸੇ ਵਿੱਚ 25 ਸਾਲਾ ਵਕੀਲ ਮਨਪ੍ਰੀਤ ਸਿੰਘ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਹ ਹਾਦਸਾ ਨਵੀਂ ਬਣੀ ਕੈਰੇ ਪੀਜ਼ਾ ਦੀ ਇਮਾਰਤ ਵਿੱਚ ਵਾਪਰਿਆ, ਜਿੱਥੇ ਮਨਪ੍ਰੀਤ ਸਿੰਘ ਕਿਸੇ ਕੰਮ ਲਈ ਇਮਾਰਤ ਦੀ ਉੱਪਰਲੀ ਮੰਜ਼ਿਲ ’ਤੇ ਪਹੁੰਚਿਆ ਸੀ। ਇਸ ਦੌਰਾਨ ਉਹ ਉੱਥੋਂ ਲੰਘ ਰਹੀਆਂ ਹਾਈ-ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਿਆ।

ਪਰਿਵਾਰਕ ਮੈਂਬਰਾਂ ਮੁਤਾਬਕ ਮਨਪ੍ਰੀਤ ਸਿੰਘ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧਤ ਸੀ। ਕਰੀਬ ਦੋ ਸਾਲ ਪਹਿਲਾਂ ਉਸਦੇ ਪਿਤਾ ਜਗਜੀਵਨ ਸਿੰਘ ਦਾ ਦੇਹਾਂਤ ਹੋ ਗਿਆ ਸੀ। ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਮਨਪ੍ਰੀਤ ਦੀ ਪੜ੍ਹਾਈ ਜਾਰੀ ਰੱਖੀ ਅਤੇ ਉਸਨੂੰ ਵਕੀਲ ਬਣਾਉਣ ਦਾ ਸੁਪਨਾ ਪੂਰਾ ਕਰਨ ਲਈ ਮਿਹਨਤ ਕੀਤੀ।

ਮਨਪ੍ਰੀਤ ਨੇ 12ਵੀਂ ਜਮਾਤ ਤੋਂ ਬਾਅਦ ਬੀਏ ਅਤੇ ਐਲਐਲਬੀ ਦੀ ਪੜ੍ਹਾਈ ਕੀਤੀ। ਪੜ੍ਹਾਈ ਪੂਰੀ ਕਰਨ ਉਪਰੰਤ ਉਹ ਬਰਨਾਲਾ ਕੋਰਟ ਕੰਪਲੈਕਸ ਵਿੱਚ ਕਾਨੂੰਨ ਦੀ ਪ੍ਰੈਕਟਿਸ ਕਰ ਰਿਹਾ ਸੀ ਅਤੇ ਐਡਵੋਕੇਟ ਪਰਮਜੀਤ ਸਿੰਘ ਮੈਸਨ ਦੇ ਅਧੀਨ ਕੰਮ ਕਰਦਾ ਸੀ।

ਹਾਦਸੇ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਨਵੀਂ ਬਣੀ ਇਮਾਰਤ ਦੇ ਮਾਲਕ ’ਤੇ ਲਾਪਰਵਾਹੀ ਦੇ ਗੰਭੀਰ ਦੋਸ਼ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਸੁਰੱਖਿਆ ਪ੍ਰਬੰਧਾਂ ਦਾ ਧਿਆਨ ਰੱਖਿਆ ਜਾਂਦਾ ਤਾਂ ਇਹ ਹਾਦਸਾ ਟਾਲਿਆ ਜਾ ਸਕਦਾ ਸੀ।

ਘਟਨਾ ਤੋਂ ਬਾਅਦ ਬਰਨਾਲਾ ਅਤੇ ਬਠਿੰਡਾ ਦੇ ਵਕੀਲ ਭਾਈਚਾਰੇ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ। ਵਕੀਲਾਂ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਦੂਜੇ ਪਾਸੇ, ਬਿਲਡਿੰਗ ਮਾਲਕਾਂ ਨੇ ਪਰਿਵਾਰ ਵੱਲੋਂ ਲਗਾਏ ਗਏ ਲਾਪਰਵਾਹੀ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨ ਬਿਨਾਂ ਆਗਿਆ ਦੇ ਇਮਾਰਤ ਦੀ ਉੱਪਰਲੀ ਮੰਜ਼ਿਲ ’ਤੇ ਗਿਆ ਸੀ।

ਫਿਲਹਾਲ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨਾਂ ਅਤੇ ਕਿਸੇ ਦੀ ਜ਼ਿੰਮੇਵਾਰੀ ਬਾਰੇ ਸਪੱਸ਼ਟ ਤਸਵੀਰ ਸਾਹਮਣੇ ਆ ਸਕੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.