ਤਾਜਾ ਖਬਰਾਂ
ਚੰਡੀਗੜ੍ਹ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਐਤਵਾਰ ਨੂੰ ਸੈਕਟਰ 43 ਸਥਿਤ ਅੰਤਰ-ਰਾਜੀ ਬੱਸ ਟਰਮੀਨਸ (ISBT) ਦੇ ਪਿਛਲੇ ਹਿੱਸੇ ਤੋਂ ਇੱਕ ਸ਼ੱਕੀ ਆਈਈਡੀ (IED) ਅਤੇ ਹਥਿਆਰ ਬਰਾਮਦ ਕੀਤੇ ਹਨ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੁਲਿਸ ਨੇ ਪੰਜਾਬ ਨਾਲ ਸਬੰਧਤ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਸੂਤਰਾਂ ਅਨੁਸਾਰ, ਸੈਕਟਰ 43 ਦੇ ਇਲਾਕੇ ਵਿੱਚੋਂ ਇੱਕ ਟਿਫ਼ਨ ਬਾਕਸ ਵਿੱਚ ਰੱਖੀ ਵਿਸਫੋਟਕ ਸਮੱਗਰੀ ਬਰਾਮਦ ਹੋਈ। ਤਲਾਸ਼ੀ ਦੌਰਾਨ 5 ਕਿਲੋਗ੍ਰਾਮ ਜੈਲੇਟਿਨ ਸਟਿਕਸ, ਡੈਟੋਨੇਟਰ, ਬਿਜਲੀ ਦੀਆਂ ਤਾਰਾਂ, ਰਿਮੋਟਲੀ ਕੰਟਰੋਲਡ ਇਲੈਕਟ੍ਰਾਨਿਕ ਡਿਵਾਈਸ, ਇੱਕ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਹਾਲਾਂਕਿ, ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਬਰਾਮਦ ਹੋਇਆ ਆਈਈਡੀ ਐਕਟਿਵ (ਕਿਰਿਆਸ਼ੀਲ) ਸਥਿਤੀ ਵਿੱਚ ਨਹੀਂ ਸੀ।
ਫੜੇ ਗਏ ਵਿਅਕਤੀਆਂ ਦੀ ਪਛਾਣ ਲਵਪ੍ਰੀਤ ਸਿੰਘ (19) ਵਾਸੀ ਸਰਹਾਲੀ (ਤਰਨਤਾਰਨ), ਜਸਪ੍ਰੀਤ ਸਿੰਘ ਉਰਫ਼ ਜਸਨਦੀਪ (21) ਵਾਸੀ ਦਿਓਬਾ (ਤਰਨਤਾਰਨ) ਅਤੇ ਪ੍ਰਭਪ੍ਰੀਤ ਸਿੰਘ ਉਰਫ਼ ਪ੍ਰਭ (19) ਵਾਸੀ ਤਰਸਿੱਕਾ (ਅੰਮ੍ਰਿਤਸਰ) ਵਜੋਂ ਹੋਈ ਹੈ। ਪੁਲਿਸ ਨੇ ਥਾਣਾ ਸੈਕਟਰ 36 ਵਿਖੇ ਮਾਮਲਾ ਦਰਜ ਕਰ ਲਿਆ ਹੈ। ਪ੍ਰਸ਼ਾਸਨ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਮੁੱਖ ਆਵਾਜਾਈ ਥਾਵਾਂ 'ਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।
ਪੁਲਿਸ ਵੱਲੋਂ ਤਿੰਨਾਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਜਾਂਚ ਏਜੰਸੀਆਂ ਇਸ ਗੱਲ ਦਾ ਪਤਾ ਲਗਾਉਣ ਵਿੱਚ ਜੁਟ ਗਈਆਂ ਹਨ ਕਿ ਇਹ ਵਿਸਫੋਟਕ ਸਮੱਗਰੀ ਕਿੱਥੋਂ ਪ੍ਰਾਪਤ ਕੀਤੀ ਗਈ ਸੀ ਅਤੇ ਇਸ ਦਾ ਇਸਤੇਮਾਲ ਕਿੱਥੇ ਕੀਤਾ ਜਾਣਾ ਸੀ। ਰਿਮਾਂਡ ਦੌਰਾਨ ਕਿਸੇ ਵੱਡੀ ਅੱਤਵਾਦੀ ਸਾਜ਼ਿਸ਼ ਦਾ ਖ਼ੁਲਾਸਾ ਹੋਣ ਦੀ ਸੰਭਾਵਨਾ ਹੈ।
Get all latest content delivered to your email a few times a month.