IMG-LOGO
ਹੋਮ ਪੰਜਾਬ: ਹਰਸਿਮਰਤ ਕੌਰ ਬਾਦਲ ਤੇ ਬਿਕਰਮ ਮਜੀਠੀਆ ਵੱਲੋਂ ਸੋਸ਼ਲ ਮੀਡੀਆ 'ਤੇ...

ਹਰਸਿਮਰਤ ਕੌਰ ਬਾਦਲ ਤੇ ਬਿਕਰਮ ਮਜੀਠੀਆ ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਵੀਡੀਓ ਨੂੰ ਮੰਤਰੀ ਹਰਭਜਨ ਨੇ ਦੱਸਿਆ ਭਰਮਾਊ ਪ੍ਰਚਾਰ

Admin User - Aug 22, 2026 06:21 PM
IMG

ਚੰਡੀਗੜ੍ਹ, 22 ਅਗਸਤ-

ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਫੱਤਾ ਤੋਂ ਰਾਮਗੜ੍ਹ ਭੂੰਦੜ ਤੱਕ ਲਿੰਕ ਸੜਕ ਨੂੰ ਲੈ ਕੇ ਅਕਾਲੀ ਆਗੂਆਂ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਪੋਸਟ ਅਤੇ ਵੀਡੀਓ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਕਰੀਬ 45 ਹਜ਼ਾਰ ਕਿਲੋਮੀਟਰ ਸੜਕਾਂ ਦਾ ਨਿਰਮਾਣ ਅਤੇ ਸੁਧਾਰ ਕਾਰਜ ਪੂਰੀ ਮਜ਼ਬੂਤੀ, ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕਰਵਾ ਰਹੀ ਹੈ। ਇੰਨਾ ਵੱਡਾ ਸੜਕ ਨੈੱਟਵਰਕ ਇਕੱਠੇ ਤਿਆਰ ਕਰਨ ਦਾ ਕੰਮ ਪੰਜਾਬ ਵਿੱਚ ਪਹਿਲਾਂ ਕਦੇ ਨਹੀਂ ਹੋਇਆ।

ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਜਾਨਬੁੱਝ ਕੇ ਗਲਤ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪਾ ਕੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪੰਜਾਬ ਦੀ ਜਨਤਾ ਇਨ੍ਹਾਂ ਦੀ ਸਾਜ਼ਿਸ਼ ਨੂੰ ਸਮਝਦੀ ਹੈ ਅਤੇ ਅਜਿਹੀ ਰਾਜਨੀਤੀ ਨੂੰ ਸਫ਼ਲ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਵਿੱਚ ਕੋਟਫੱਤਾ ਤੋਂ ਰਾਮਗੜ੍ਹ ਭੂੰਦੜ ਤੱਕ ਜਿਸ ਸੜਕ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ, ਉਹ ਵੀ ਸਰਕਾਰ ਵੱਲੋਂ ਕਰਵਾਏ ਜਾ ਰਹੇ 45 ਹਜ਼ਾਰ ਕਿਲੋਮੀਟਰ ਦੇ ਸੜਕੀ ਕਾਰਜ ਦਾ ਹੀ ਹਿੱਸਾ ਹੈ।

ਮੰਤਰੀ ਨੇ ਕਿਹਾ ਕਿ ਇਹ ਕੋਈ ਨਵੀਂ ਸੜਕ ਨਹੀਂ ਸੀ, ਸਗੋਂ ਪਹਿਲਾਂ ਤੋਂ ਮੌਜੂਦ ਸੜਕ 'ਤੇ ਨਵੀਂ ਪੀਸੀ ਯਾਨੀ ਪੇਵਰ ਕੋਰਸ ਪਾਉਣ ਦਾ ਕੰਮ ਕੀਤਾ ਜਾ ਰਿਹਾ ਸੀ। 18 ਅਗਸਤ ਨੂੰ ਸੜਕ 'ਤੇ ਪੀਸੀ ਪਾਈ ਗਈ ਸੀ ਅਤੇ ਉਸੇ ਦਿਨ ਕੰਮ ਪੂਰੀ ਤਰ੍ਹਾਂ ਖ਼ਤਮ ਵੀ ਨਹੀਂ ਹੋਇਆ ਸੀ। ਇਸੇ ਦੌਰਾਨ ਸਾਬਕਾ ਅਕਾਲੀ ਸਰਪੰਚ ਗੁਰਵਿੰਦਰ ਸਿੰਘ ਵਾਸੀ ਰਾਮਗੜ੍ਹ ਭੂੰਦੜ ਉੱਥੇ ਪਹੁੰਚੇ ਅਤੇ ਕਥਿਤ ਤੌਰ 'ਤੇ ਅਧੂਰੇ ਕੰਮ ਵਿੱਚ ਦਖ਼ਲ ਦਿੰਦਿਆਂ ਸੜਕ ਦੇ ਹਿੱਸੇ ਨਾਲ ਛੇੜਛਾੜ ਕੀਤੀ ਗਈ ਅਤੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਗਈ। ਇਸ ਤੋਂ ਬਾਅਦ ਇਸੇ ਵੀਡੀਓ ਨੂੰ ਆਧਾਰ ਬਣਾ ਕੇ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ 'ਤੇ ਸਵਾਲ ਚੁੱਕਣ ਦੀ ਕੋਸ਼ਿਸ਼ ਕੀਤੀ।

ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਇਹ ਬਹੁਤ ਹੀ ਅਫ਼ਸੋਸਜਨਕ ਹੈ ਕਿ ਜਿਸ ਪਿੰਡ ਵਿੱਚ ਸਰਕਾਰ ਵੱਲੋਂ ਸੜਕ ਦਾ ਕੰਮ ਕਰਵਾਇਆ ਜਾ ਰਿਹਾ ਹੈ, ਉਸੇ ਕੰਮ ਨੂੰ ਪੂਰਾ ਹੋਣ ਤੋਂ ਪਹਿਲਾਂ ਸਿਆਸੀ ਰੰਗ ਦੇ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੜਕ ਦਾ ਕੰਮ ਅਜੇ ਪੂਰਾ ਹੀ ਨਹੀਂ ਹੋਇਆ ਸੀ ਤਾਂ ਕਿਸੇ ਨੂੰ ਅਧੂਰੇ ਨਿਰਮਾਣ ਕਾਰਜ ਨੂੰ ਲੈ ਕੇ ਗਲਤ ਧਾਰਨਾ ਪੈਦਾ ਕਰਨ ਵਾਲੀ ਵੀਡੀਓ ਬਣਾਉਣ ਅਤੇ ਉਸ ਦਾ ਪ੍ਰਚਾਰ ਕਰਨ ਦਾ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕੰਮ ਵਿੱਚ ਇਸ ਤਰ੍ਹਾਂ ਦੀ ਦਖ਼ਲਅੰਦਾਜ਼ੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਨੀਤੀ ਬਣਾਈ ਹੈ ਕਿ ਜਿਨ੍ਹਾਂ ਠੇਕੇਦਾਰਾਂ ਨੂੰ ਸੜਕ ਨਿਰਮਾਣ ਦਾ ਕੰਮ ਦਿੱਤਾ ਜਾ ਰਿਹਾ ਹੈ, ਉਨ੍ਹਾਂ ਲਈ ਪੰਜ ਸਾਲ ਤੱਕ ਸੜਕ ਦੀ ਮੁਰੰਮਤ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੜਕਾਂ ਦੀ ਗੁਣਵੱਤਾ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਕਿਸੇ ਵੀ ਪੱਧਰ 'ਤੇ ਲਾਪਰਵਾਹੀ ਸਾਹਮਣੇ ਆਉਣ 'ਤੇ ਸਬੰਧਤ ਠੇਕੇਦਾਰ ਜਾਂ ਅਧਿਕਾਰੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਹਰਭਜਨ ਸਿੰਘ ਈਟੀਓ ਨੇ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਸੜਕ ਇੰਨੀ ਕਮਜ਼ੋਰ ਹੈ ਕਿ ਹੱਥਾਂ ਨਾਲ ਉਖਾੜੀ ਜਾ ਸਕਦੀ ਹੈ, ਤਾਂ ਉਹ ਆਪਣੀ ਟੀਮ ਨਾਲ ਆਉਣ। ਉਨ੍ਹਾਂ ਕਿਹਾ, “ਮੈਂ ਕੱਲ੍ਹ 11 ਵਜੇ ਮੌਕੇ 'ਤੇ ਪਹੁੰਚਾਂਗਾ। ਤੁਸੀਂ ਦੋਵੇਂ ਵੀ ਉੱਥੇ ਪਹੁੰਚੋ ਅਤੇ ਜੇਕਰ ਹੱਥ ਨਾਲ ਸੜਕ ਉਖਾੜ ਕੇ ਦਿਖਾ ਦਿੰਦੇ ਹੋ ਤਾਂ ਸਬੰਧਤ ਠੇਕੇਦਾਰ ਜਾਂ ਅਧਿਕਾਰੀ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ। ਪਰ ਜੇਕਰ ਅਜਿਹਾ ਨਾ ਕਰ ਸਕੇ ਤਾਂ ਪੰਜਾਬ ਦੀ ਜਨਤਾ ਦੇ ਸਾਹਮਣੇ ਗਲਤ ਪੋਸਟ ਅਤੇ ਵੀਡੀਓ ਫੈਲਾਉਣ ਲਈ ਜਨਤਕ ਤੌਰ 'ਤੇ ਮਾਫ਼ੀ ਮੰਗਣੀ ਪਵੇਗੀ।”

ਉਨ੍ਹਾਂ ਕਿਹਾ ਕਿ ਅਕਾਲੀ ਆਗੂ ਵਿਕਾਸ ਕਾਰਜਾਂ ਨੂੰ ਦੇਖਣ ਦੀ ਬਜਾਏ ਉਨ੍ਹਾਂ ਵਿੱਚ ਖਾਮੀਆਂ ਲੱਭ ਕੇ ਸਿਆਸੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸੜਕ ਦਾ ਕੰਮ ਪੂਰਾ ਹੋ ਜਾਵੇ, ਉਦੋਂ ਮੌਕੇ 'ਤੇ ਜਾ ਕੇ ਉਸ ਦੀ ਗੁਣਵੱਤਾ ਦੀ ਜਾਂਚ ਕਰਨ, ਪਰ ਕੰਮ ਪੂਰਾ ਹੋਣ ਤੋਂ ਪਹਿਲਾਂ ਮੌਕੇ 'ਤੇ ਪਹੁੰਚ ਕੇ ਨਿਰਮਾਣ ਵਿੱਚ ਦਖ਼ਲ ਦੇਣਾ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਬਰਾਬਰ ਹੈ।

ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਅੱਜ ਖ਼ੁਸ਼ ਹਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਵਿੱਚ ਵੱਡੇ ਪੱਧਰ 'ਤੇ ਸੜਕਾਂ, ਸਕੂਲ, ਹਸਪਤਾਲ ਅਤੇ ਹੋਰ ਵਿਕਾਸ ਕਾਰਜ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੂੰ ਇਹ ਵਿਕਾਸ ਰਾਸ ਨਹੀਂ ਆ ਰਿਹਾ ਕਿਉਂਕਿ ਉਨ੍ਹਾਂ ਨੇ ਲੰਮੇ ਸਮੇਂ ਬਾਅਦ ਪੰਜਾਬ ਵਿੱਚ ਵਿਕਾਸ ਨੂੰ ਪਹਿਲ ਦੇਣ ਵਾਲੀ ਸਰਕਾਰ ਦੇਖੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਵਿੱਚ ਜੁਟੀ ਹੋਈ ਹੈ ਅਤੇ ਇਹ ਵਿਕਾਸ ਯਾਤਰਾ ਲਗਾਤਾਰ ਜਾਰੀ ਰਹੇਗੀ।

ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਅਕਾਲੀ ਦਲ ਦੇ ਆਗੂ ਇੱਕ ਪਾਸੇ ਕੇਂਦਰ ਸਰਕਾਰ ਅਤੇ ਭਾਜਪਾ ਕੋਲ ਜਾ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਦਾ ਦਾਅਵਾ ਕਰਦੇ ਹਨ, ਪਰ ਜਦੋਂ ਪੰਜਾਬ ਵਿੱਚ ਕੋਈ ਵਿਕਾਸ ਕਾਰਜ ਹੁੰਦਾ ਹੈ ਤਾਂ ਉਸ ਨੂੰ ਬਦਨਾਮ ਕਰਨ ਵਿੱਚ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਅਜਿਹੀ ਦੋਹਰੀ ਅਤੇ ਨਕਾਰਾਤਮਕ ਰਾਜਨੀਤੀ ਨੂੰ ਸਵੀਕਾਰ ਨਹੀਂ ਕਰੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਨੂੰ ਕਿਸੇ ਸੜਕ ਦੀ ਗੁਣਵੱਤਾ 'ਤੇ ਸ਼ੱਕ ਹੈ ਤਾਂ ਸਰਕਾਰ ਜਾਂਚ ਲਈ ਤਿਆਰ ਹੈ, ਪਰ ਝੂਠੀ ਜਾਂ ਭਰਮਾਊ ਵੀਡੀਓ ਰਾਹੀਂ ਜਨਤਾ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੇ ਕਿਸੇ ਸਿਆਸੀ ਪਾਰਟੀ ਨੂੰ ਸੱਤਾ ਤੋਂ ਬਾਹਰ ਕੀਤਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਜਨਹਿਤ ਦੇ ਕੰਮਾਂ ਦਾ ਵਿਰੋਧ ਕਰੇ। ਸੜਕਾਂ ਲੋਕਾਂ ਦੀ ਮੁੱਢਲੀ ਜ਼ਰੂਰਤ ਹਨ ਅਤੇ ਜੇਕਰ ਕਿਸੇ ਪਿੰਡ ਵਿੱਚ ਸੜਕ ਬਣ ਰਹੀ ਹੈ ਤਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਉਸ ਦਾ ਸਵਾਗਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਹੀ ਪਿੰਡ ਵਿੱਚ ਹੋਣ ਵਾਲੇ ਵਿਕਾਸ ਕਾਰਜ ਦੀ ਨਿੰਦਾ ਕਰਨਾ ਪੰਜਾਬ ਦੀ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ।

ਮੰਤਰੀ ਨੇ ਚੇਤਾਵਨੀ ਦਿੱਤੀ ਕਿ ਜੋ ਵੀ ਵਿਅਕਤੀ ਸਰਕਾਰੀ ਵਿਕਾਸ ਕਾਰਜ ਵਿੱਚ ਜਾਨਬੁੱਝ ਕੇ ਰੁਕਾਵਟ ਪਾਵੇਗਾ ਜਾਂ ਝੂਠੀ ਅਤੇ ਭਰਮਾਊ ਵੀਡੀਓ ਰਾਹੀਂ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਖ਼ਿਲਾਫ਼ ਤੱਥਾਂ ਅਤੇ ਕਾਨੂੰਨ ਮੁਤਾਬਕ ਉਚਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਦੇ ਏਜੰਡੇ ਤੋਂ ਪਿੱਛੇ ਨਹੀਂ ਹਟੇਗੀ ਅਤੇ 45 ਹਜ਼ਾਰ ਕਿਲੋਮੀਟਰ ਸੜਕਾਂ ਦੇ ਨਿਰਮਾਣ ਅਤੇ ਸੁਧਾਰ ਦਾ ਕੰਮ ਪੂਰੀ ਮਜ਼ਬੂਤੀ ਅਤੇ ਪਾਰਦਰਸ਼ਤਾ ਨਾਲ ਜਾਰੀ ਰਹੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.