ਤਾਜਾ ਖਬਰਾਂ
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪਾਵਨ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਫ਼ਿਲੌਰ ਦੀ ਦਾਣਾ ਮੰਡੀ ਵਿਖੇ ਹੋ ਰਹੇ ਰਾਜ ਪੱਧਰੀ ਵਿਸ਼ੇਸ਼ ਸਮਾਗਮ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਫ਼ਿਲੌਰ ਸਬ-ਡਵੀਜ਼ਨ ਦੀ ਹਦੂਦ ਅੰਦਰ ਆਉਂਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਅੱਜ (ਸਥਾਨਕ) ਛੁੱਟੀ ਦਾ ਐਲਾਨ ਕੀਤਾ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਹੁਕਮ ਸਿਰਫ਼ ਵਿੱਦਿਅਕ ਅਦਾਰਿਆਂ 'ਤੇ ਹੀ ਲਾਗੂ ਹੋਵੇਗਾ, ਜਦਕਿ ਐਮਰਜੈਂਸੀ ਤੇ ਜ਼ਰੂਰੀ ਸੇਵਾਵਾਂ ਨਾਲ ਜੁੜੇ ਅਦਾਰੇ ਆਮ ਵਾਂਗ ਕੰਮ ਕਰਦੇ ਰਹਿਣਗੇ।
ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦੀ ਬਾਣੀ, ਸਮਾਜਿਕ ਬਰਾਬਰੀ ਅਤੇ 'ਬੇਗਮਪੁਰਾ' ਦੇ ਫ਼ਲਸਫ਼ੇ ਨੂੰ ਘਰ-ਘਰ ਪਹੁੰਚਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਸੂਬੇ ਦੇ 92 ਪ੍ਰਮੁੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਆਧੁਨਿਕ ਤਕਨੀਕ 'ਤੇ ਆਧਾਰਿਤ ਹਾਈਟੈੱਕ ਡਰੋਨ ਸ਼ੋਅ ਕਰਵਾਏ ਜਾ ਰਹੇ ਹਨ, ਜਿਨ੍ਹਾਂ ਰਾਹੀਂ ਗੁਰੂ ਰਵਿਦਾਸ ਜੀ ਦੇ ਜੀਵਨ-ਦਰਸ਼ਨ ਅਤੇ ਸਿੱਖਿਆਵਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਗੁਰੂ ਸਾਹਿਬ ਦੇ ਜੀਵਨ 'ਤੇ ਬਣੀ 30 ਮਿੰਟਾਂ ਦੀ ਡਾਕੂਮੈਂਟਰੀ ਫ਼ਿਲਮ ਦਿਖਾਉਣ ਲਈ ਮੋਬਾਈਲ LED ਵੈਨਾਂ ਚਲਾਈਆਂ ਗਈਆਂ ਹਨ, ਜੋ ਫ਼ਿਲੌਰ ਦੇ ਪੇਂਡੂ ਖੇਤਰਾਂ ਸਮੇਤ ਪੂਰੇ ਪੰਜਾਬ ਦੇ ਹਜ਼ਾਰਾਂ ਪਿੰਡਾਂ ਤੱਕ ਪਹੁੰਚ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਸਾਲ ਭਰ ਚੱਲਣ ਵਾਲੇ ਇਨ੍ਹਾਂ ਧਾਰਮਿਕ ਸਮਾਗਮਾਂ, ਕੀਰਤਨ ਦਰਬਾਰਾਂ ਅਤੇ ਪ੍ਰਚਾਰ ਪ੍ਰੋਗਰਾਮਾਂ ਲਈ 100 ਕਰੋੜ ਰੁਪਏ ਦਾ ਵਿਸ਼ੇਸ਼ ਬਜਟ ਰੱਖਿਆ ਹੈ।
Get all latest content delivered to your email a few times a month.