ਤਾਜਾ ਖਬਰਾਂ
ਪੰਜਾਬ ਕਾਂਗਰਸ ਨੇ ਅੰਦਰੂਨੀ ਬੈਠਕਾਂ ਅਤੇ ਸਿਆਸੀ ਹਲਚਲ ਦਰਮਿਆਨ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਤਿਆਰੀਆਂ ਦਾ ਬਿਗੁਲ ਵਜਾ ਦਿੱਤਾ ਹੈ। ਇਸੇ ਲੜੀ ਤਹਿਤ ਸ਼ੁੱਕਰਵਾਰ ਨੂੰ ਪਾਰਟੀ ਦੀ ਮੈਨੀਫੈਸਟੋ ਕਮੇਟੀ ਦੀ ਪਹਿਲੀ ਉੱਚ-ਪੱਧਰੀ ਮੀਟਿੰਗ ਹੋਈ, ਜਿਸ ਵਿੱਚ ਡਾ. ਅਮਰ ਸਿੰਘ, ਪਰਗਟ ਸਿੰਘ, ਗੁਰਜੀਤ ਸਿੰਘ ਔਜਲਾ ਅਤੇ ਹਰਦਿਆਲ ਸਿੰਘ ਕੰਬੋਜ ਸਮੇਤ ਕਈ ਸੀਨੀਅਰ ਆਗੂ ਸ਼ਾਮਲ ਹੋਏ। ਮੀਟਿੰਗ 'ਚ ਫੈਸਲਾ ਲਿਆ ਗਿਆ ਕਿ ਆਗਾਮੀ ਚੋਣਾਂ ਲਈ ਪਾਰਟੀ ਦਾ ਐਲਾਨਨਾਮਾ ਬੰਦ ਕਮਰਿਆਂ ਦੀ ਥਾਂ ਪੰਜਾਬ ਦੇ ਲੋਕਾਂ ਦੇ ਸਿੱਧੇ ਸੁਝਾਵਾਂ ਨਾਲ ਤਿਆਰ ਕੀਤਾ ਜਾਵੇਗਾ।
ਕਾਂਗਰਸ ਨੇਤਾਵਾਂ ਨੇ ਐਲਾਨ ਕੀਤਾ ਕਿ ਮੈਨੀਫੈਸਟੋ ਕਮੇਟੀ ਜਲਦ ਹੀ ਸੂਬੇ ਦਾ ਵਿਆਪਕ ਦੌਰਾ ਕਰੇਗੀ। ਇਸ ਦੌਰਾਨ ਕਿਸਾਨੀ ਅਤੇ ਵਪਾਰਕ ਐਸੋਸੀਏਸ਼ਨਾਂ, ਸਿਵਲ ਸੁਸਾਇਟੀਆਂ, ਸਮਾਜਿਕ ਸੰਸਥਾਵਾਂ, ਬੁੱਧੀਜੀਵੀਆਂ ਅਤੇ ਆਮ ਨਾਗਰਿਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾਵੇਗਾ। ਪਾਰਟੀ ਦਾ ਮੁੱਖ ਮਕਸਦ ਪੰਜਾਬ ਦੇ ਮੌਜੂਦਾ ਸਮਾਜਿਕ ਅਤੇ ਆਰਥਿਕ ਸੰਕਟਾਂ ਨੂੰ ਸਮਝ ਕੇ ਜ਼ਮੀਨੀ ਮੁੱਦਿਆਂ 'ਤੇ ਆਧਾਰਿਤ ਦਸਤਾਵੇਜ਼ ਤਿਆਰ ਕਰਨਾ ਹੈ।
ਮੀਟਿੰਗ ਦੌਰਾਨ ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਚੋਣ ਮਨੋਰਥ ਪੱਤਰ ਨੂੰ ਪੂਰੀ ਤਰ੍ਹਾਂ 'ਲੋਕਾਂ ਦਾ ਮੈਨੀਫੈਸਟੋ' ਬਣਾਇਆ ਜਾਵੇਗਾ। ਹੇਠਲੇ ਪੱਧਰ ਤੋਂ ਮਿਲਣ ਵਾਲੀ ਫੀਡਬੈਕ ਦੇ ਆਧਾਰ 'ਤੇ ਹੀ ਪਾਰਟੀ ਆਪਣੀਆਂ ਪ੍ਰਮੁੱਖ ਤਰਜੀਹਾਂ ਤੈਅ ਕਰੇਗੀ। ਕਾਂਗਰਸ ਦੀ ਇਸ ਰਣਨੀਤੀ ਨੂੰ 2027 ਦੀਆਂ ਚੋਣਾਂ ਤੋਂ ਕਾਫ਼ੀ ਸਮਾਂ ਪਹਿਲਾਂ ਜਨਤਾ ਦਾ ਵਿਸ਼ਵਾਸ ਬਹਾਲ ਕਰਨ ਦੀ ਦਿਸ਼ਾ 'ਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
Get all latest content delivered to your email a few times a month.