ਤਾਜਾ ਖਬਰਾਂ
ਸ੍ਰੀ ਹਰਗੋਬਿੰਦਪੁਰ ਸਾਹਿਬ: ਨੇੜਲੇ ਪਿੰਡ ਸੋਹੀਆਂ ਵਿਖੇ ਇੱਕ ਗੱਡੀਆਂ ਦੀ ਮੁਰੰਮਤ ਕਰਨ ਵਾਲੇ ਨੌਜਵਾਨ ਤੇਜਿੰਦਰ ਸਿੰਘ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਪੁੱਤ ਦੀ ਮੌਤ ਦਾ ਗਹਿਰਾ ਸਦਮਾ ਨਾ ਸਹਾਰਦਿਆਂ ਮ੍ਰਿਤਕ ਦੇ ਪਿਤਾ ਕਸ਼ਮੀਰ ਸਿੰਘ ਦੀ ਵੀ ਮੌਤ ਹੋ ਗਈ, ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਪੁਲੀਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸ੍ਰੀ ਹਰਗੋਬਿੰਦਪੁਰ ਦੇ ਡੀ.ਐੱਸ.ਪੀ. ਮਨੋਜ ਕੁਮਾਰ ਅਤੇ ਇੰਸਪੈਕਟਰ ਹਰਮੀਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਹਰਜੀਤ ਕੌਰ ਦੇ ਬਿਆਨਾਂ 'ਤੇ ਇਹ ਕਾਰਵਾਈ ਕੀਤੀ ਗਈ ਹੈ। ਸ਼ਿਕਾਇਤ ਅਨੁਸਾਰ 14 ਅਗਸਤ ਦੀ ਸ਼ਾਮ ਨੂੰ ਤੇਜਿੰਦਰ ਸਿੰਘ ਆਪਣੀ ਦੁਕਾਨ ਤੋਂ ਘਰ ਆਇਆ ਸੀ। ਇਸੇ ਦੌਰਾਨ ਪੁਰਾਣੇ ਗਾਹਕ ਗੁਰਸਾਹਿਬ ਸਿੰਘ ਅਤੇ ਗੁਰਜੀਤ ਸਿੰਘ ਪੰਨੂ (ਵਾਸੀ ਮਾੜੀ ਪੰਨੂਆਂ) ਆਪਣੇ ਦੋ ਹੋਰ ਅਣਪਛਾਤੇ ਸਾਥੀਆਂ ਨਾਲ ਮੋਟਰਸਾਈਕਲ 'ਤੇ ਆਏ ਅਤੇ ਗੱਡੀ ਠੀਕ ਕਰਨ ਦੇ ਬਹਾਨੇ ਤੇਜਿੰਦਰ ਨੂੰ ਆਪਣੇ ਨਾਲ ਲੈ ਗਏ। ਦੇਰ ਰਾਤ ਤੱਕ ਵਾਪਸ ਨਾ ਆਉਣ 'ਤੇ ਪਰਿਵਾਰ ਨੇ ਭਾਲ ਸ਼ੁਰੂ ਕੀਤੀ, ਤਾਂ ਅਗਲੀ ਸਵੇਰ ਚੀਮਾ ਖੁੱਡੀ ਸੂਏ ਦੀ ਪੱਟੜੀ ਤੋਂ ਉਸ ਦੀ ਲਾਸ਼ ਬਰਾਮਦ ਹੋਈ।
ਪੁਲੀਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 103, 140 ਅਤੇ 3(5) ਤਹਿਤ ਮੁਕੱਦਮਾ ਨੰਬਰ 139 ਦਰਜ ਕਰਦਿਆਂ ਨਾਮਜ਼ਦ ਮੁਲਜ਼ਮ ਗੁਰਸਾਹਿਬ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜੇ ਪਾਸੇ ਮ੍ਰਿਤਕ ਦੇ ਭਰਾਵਾਂ ਨੇ ਦੱਸਿਆ ਕਿ ਇੱਕੋ ਘਰ 'ਚੋਂ ਪਿਓ-ਪੁੱਤ ਦੀਆਂ ਦੇਹਾਂ ਉੱਠਣ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਾਕੀ ਫ਼ਰਾਰ ਮੁਲਜ਼ਮਾਂ ਨੂੰ ਜਲਦ ਕਾਬੂ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
Get all latest content delivered to your email a few times a month.