ਤਾਜਾ ਖਬਰਾਂ
ਅੰਮ੍ਰਿਤਸਰਃ 14 ਅਗਸਤ-
ਉੱਤਰੀ ਭਾਰਤ ਦੀ ਲੱਗ ਪਗ ਡੇਢ ਸਦੀ ਪੁਰਾਤਨ ਪ੍ਰਸਿੱਧ ਇਤਿਹਾਸਕ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਖੇ ਮਰਹੂਮ ਲੇਖਕ ਸੁਖਬੀਰ ਸਿੰਘ ਸੰਧੂ ਦੀ ਪੁਸਤਕ ‘ਪਾਇਲ’ ਦਾ 53 ਸਾਲ ਮਗਰੋਂ ਪੁਨਰ ਜਨਮ ਹੋਣ ਤੇ ਸ਼ਾਨਦਾਰ ਲੋਕ ਅਰਪਣ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਾਹਿਤਕ, ਅਕਾਦਮਿਕ ਅਤੇ ਬੌਧਿਕ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਭਾਗ ਲਿਆ।
ਸਮਾਗਮ ਦੀ ਪ੍ਰਧਾਨਗੀ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਤੇ ਸਿਰਕੱਢ ਪੰਜਾਬੀ ਚਿੰਤਕ ਡਾ. ਆਤਮ ਸਿੰਘ ਰੰਧਾਵਾ ਪ੍ਰਧਾਨ, ਪੰਜਾਬ ਸਾਹਿੱਤ ਅਕਾਡਮੀ ਚੰਡੀਗੜ੍ਰ ਨੇ ਕੀਤੀ।
ਉਨ੍ਹਾਂ ਦੇ ਨਾਲ ਡਾ. ਪਰਮਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ, ਡਾ. ਦਲਜੀਤ ਸਿੰਘ, ਡਾ. ਦਯਾ ਸਿੰਘ ਅਤੇ ਡਾ ਗੁਰਬੀਰ ਸਿੰਘ ਬਰਾੜ ਸਮੇਤ ਕਈ ਵਿਦਵਾਨ, ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।
ਸਮੂਹ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸਾਂਝੇ ਤੌਰ ’ਤੇ ਪੁਸਤਕ ‘ਪਾਇਲ’ ਨੂੰ ਪਾਠਕਾਂ ਦੇ ਰੂ-ਬ-ਰੂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਡਾ. ਰੰਧਾਵਾ ਨੇ ਕਿਹਾ ਕਿ ਜਿਸ ਸ਼ਾਇਰ ਦੀਆਂ ਰਚਨਾਵਾਂ ਨੁਸਰਤ ਫ਼ਤਹਿ ਅਲੀ ਖਾਂ, ਨਸੀਬੋ ਲਾਲ, ਨਜ਼ਾਕਤ ਅਲੀ , ਮਰਾਤਬ ਅਲੀ ਤਾਂ ਅਕਰਮ ਰਾਹੀ ਵਰਗੇ ਗਾਇਕਾਂ ਨੇ ਗਾਈਆਂ ਹੋਣ, ਉਸ ਨੂੰ ਏਨੇ ਸਾਲ ਵਿਸਾਰਨਾ ਬਹੁਤ ਵੱਡੀ ਉਕਾਈ ਹੈ। 1973 ਵਿੱਚ ਇਸ ਦਾ ਪਹਿਲਾ ਐਡੀਸ਼ਨ ਸਿਰਫ਼ ਦਸ ਕਾਪੀਆਂ ਹੀ ਜਿਲਦਬੰਦ ਹੌ ਸਕਿਆ। ਹੁਣ 53?ਸਾਲ ਬਾਦ ਇਸ ਗ਼ਜ਼ਲ ਸੰਗ੍ਰਹਿ ਦਾ ਪੁਨਰ ਜਨਮ ਹੋਣਾ ਇਤਿਹਾਸਕ ਘਟਨਾ ਹੈ। ਇਸ ਕਿਤਾਬ ਨੂੰ ਖਾਲਸਾ ਕਾਲਿਜ ਵਿੱਚ ਲੋਕ ਅਰਪਨ ਕਰਨਾ ਸਾਡਾ ਸੁਭਾਗ ਹੈ।
ਬਾਕੀ ਬੁਲਾਰਿਆਂ ਨੇ ਮਰਹੂਮ ਲੇਖਕ ਸੁਖਬੀਰ ਸਿੰਘ ਸੰਧੂ ਦੇ ਇਸ ਸਾਹਿਤਕ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਵੀ ਭਾਸ਼ਾ ਦੇ ਸਾਹਿਤ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਲੇਖਕਾਂ ਦਾ ਸਭ ਤੋ ਵੱਡਾ ਯੋਗਦਾਨ ਹੁੰਦਾ ਹੈ । ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਮੁੜ ਕਿਹਾ ਕਿ ‘ਪਾਇਲ’ ਦਾ ਖ਼ਾਲਸਾ ਕਾਲਜ ਵਰਗੀ ਇਤਿਹਾਸਕ ਸੰਸਥਾ ਵਿੱਚ ਲੋਕ ਅਰਪਣ ਹੋਣਾ ਮਾਣ ਵਾਲੀ ਗੱਲ ਹੈ ਅਤੇ ਇਹ ਪੁਸਤਕ ਪਾਠਕਾਂ ਨੂੰ ਨਵੇਂ ਵਿਚਾਰਾਂ ਨਾਲ ਜੋੜਨ ਵਿੱਚ ਸਫ਼ਲ ਹੋਈ ਹੈ । ਉਨ੍ਹਾਂ ਕਿਹਾ ਕਿ ਇਹ ਪੁਸਤਕ ਪਹਿਲੀ ਵਾਰ ਅਕਤੂਬਰ 1973 ਵਿਚ ਪ੍ਰਕਾਸ਼ਿਤ ਹੋਈ ਸੀ ਅਤੇ ਅੱਜ ਇਸ ਦਾ ਦੂਜਾ ਐਡੀਸ਼ਨ 53 ਸਾਲਾਂ ਬਾਅਦ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਸੰਪਾਦਕੀ ਹੇਠ ਪ੍ਰਕਾਸ਼ਿਤ ਹੋਣਾ ਬੜੇ ਮਾਣ ਤੇ ਸਨਮਾਨ ਵਾਲੀ ਗੱਲ ਹੈ ਕਿਉਂਕਿ ਇਸ ਵਿਚ ਛਪੀਆਂ ਗਜ਼ਲਾਂ ਨੂੰ ਪ੍ਰਸਿੱਧ ਗਾਇਕਾਂ ਨੇ ਗਾਇਆ ਹੈ ਜਿਨ੍ਹਾਂ ਵਿਚ ਨੁਸਰਤ ਫ਼ਤਹਿ ਖਾਂ ਸਾਹਿਬ , ਅਕਰਮ ਰਾਹੀ, ਨਸੀਬੋ ਲਾਲ ਅਤੇ ਮਰਾਤਬ ਅਲੀ ਸ਼ਾਮਿਲ ਹਨ । ਕਿਹਾ ਕਿ ਪੁਸਤਕ ਵਿੱਚ ਮਨੁੱਖੀ ਜੀਵਨ, ਸਮਾਜਿਕ ਸਰੋਕਾਰਾਂ, ਬਦਲਦੇ ਰਿਸ਼ਤਿਆਂ ਅਤੇ ਸਮਕਾਲੀ ਸੰਵੇਦਨਾ ਨੂੰ ਸਾਹਿਤਕ ਦ੍ਰਿਸ਼ਟੀ ਨਾਲ ਪੇਸ਼ ਕਰਨ ਦਾ ਯਤਨ ਨਜ਼ਰ ਆਉਂਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ‘ਪਾਇਲ’ ਪੰਜਾਬੀ ਸਾਹਿਤ ਵਿੱਚ ਇੱਕ ਨਵੀਂ ਚਰਚਾ ਨੂੰ ਜਨਮ ਦੇਵੇਗੀ ਅਤੇ ਪਾਠਕਾਂ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾਉਂਦਿਆਂ ਇੱਕ ਨਵਾਂ ਮੀਲ ਪੱਥਰ ਸਾਬਤ ਹੋਵੇਗੀ। ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਪਾਇਲ ਦਾ ਲੇਖਕ ਭਾਵੇਂ ਗੁਮਨਾਮ ਰਿਹਾ ਪਰ ਸਮੇਂ ਨੇ ਉਸ ਦੀ ਅਸਲ ਪਹਿਚਾਣ ਕਰਵਾ ਦਿੱਤੀ ਹੈ । ਡਾ. ਦਯਾ ਸਿੰਘ ਨੇ ਕਿਹਾ ਇਹ ਪੁਸਤਕ ਵਿਚ ਯਾਦਾਂ, ਪਰਦੇਸ, ਮਾਂ ਧਰਤੀ ਪ੍ਰਤੀ ਪਿਆਰ, ਗਰੀਬੀ ਤੇ ਇਨਕਲਾਬੀ ਸੁਰ ਪੇਸ ਪੇਸ਼ ਦਿਖਾਈ ਦੇਦੇ ਹਨ । ਸਮਾਗਮ ਦੌਰਾਨ ਡਾ. ਦਲਜੀਤ ਸਿੰਘ ਕਿਹਾ ਕਿ ਵਿੱਦਿਅਕ ਸੰਸਥਾਵਾਂ ਵਿੱਚ ਸਾਹਿਤਕ ਸਰਗਰਮੀਆਂ ਨੂੰ ਹੋਰ ਉਤਸ਼ਾਹਿਤ ਕਰਨ ਦੀ ਲੋੜ ਹੈ ਅਤੇ ਅਜਿਹੀਆਂ ਪ੍ਰਭਾਵਸ਼ਾਲੀ ਪੁਸਤਕਾਂ ਬਾਰੇ ਚਰਚਾ ਕਰਵਾਉਣਾ ਸਮੇਂ ਦੀ ਲੋੜ ਹੈ । ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮੁੱਚਾ ਸਮਾਗਮ ਪੰਜਾਬੀ ਸਾਹਿਤ ਪ੍ਰਤੀ ਪਿਆਰ, ਨਵੀਂ ਸਿਰਜਣਾ ਨੂੰ ਉਤਸ਼ਾਹ ਦੇਣ ਅਤੇ ਲੇਖਕਾਂ ਤੇ ਪਾਠਕਾਂ ਵਿਚਕਾਰ ਸਾਹਿਤਕ ਸੰਵਾਦ ਨੂੰ ਮਜ਼ਬੂਤ ਕਰਨ ਦੀ ਭਾਵਨਾ ਨਾਲ ਭਰਪੂਰ ਰਿਹਾ।
ਸੁਰਤਿ ਦੇ ਸੰਪਾਦਕ ਡਾ. ਗੁਰਬੀਰ ਸਿੰਘ ਬਰਾੜ ਨੇ ਦੱਸਿਆ ਕਿ ਸੁਖਬੀਰ ਸਿੰਘ ਸੰਧੂ ਦੀ ਇਸ ਕਿਤਾਬ ਬਾਰੇ ਡਾ. ਆਤਮਜੀਤ, ਜਸਬੀਰ ਭੁੱਲਰ, ਡਾ. ਕੁਲਵਿੰਦਰ ਬਾਠ, ਹਰਜਿੰਦਰ ਕੰਗ, ਆਤਮ ਯਾਦ, ਡਾ. ਹਰਿੱਦਰ ਸੋਹਲ, ਡਾ. ਨਰੇਸ਼ ਕੁਮਾਰ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਮਨਿੰਦਰ ਗਿੱਲ ਕੈਨੇਡਾ, ਸਿਰਫ ਸਤਿਬੀਰ ਸਿੰਘ, ਡਾ. ਦਰਸ਼ਨ ਸਿੰਘ ਆਸ਼ਟ ਡਾ. ਕ੍ਰਿਸ਼ਨ ਸਿੰਘ ਨੇ ਮੁੱਲਵਾਨ ਟਿੱਪਣੀਆਂ ਕੀਤੀਆਂ ਹਨ।
ਉਨ੍ਹਾਂ ਦੱਸਿਆ ਕਿ ਜ਼ਿਲਾ ਤਰਨਤਾਰਨ ਦੇ ਪਿੰਡ ਕਲਸੀਆਂ ਖੁਰਦ (ਨੇੜੇ ਖਾਲੜਾ) ਦੇ ਜੰਮਪਲ ਇਸ ਕਵੀ ਦਾ ਜਨਮ 12ਅਗਸਤ 1932 ਵਿੱਚ ਗਿਆਨੀ ਸਰਦਾਰਾ ਸਿੰਘ ਦੇ ਘਰ ਹੋਇਆ ਅਤੇ 5 ਜੂਨ 1986 ਵਿੱਚ ਸਦੀਵੀ ਵਿਛੋੜਾ ਦੇ ਗਏ। ਲੰਮਾ ਸਮਾਂ ਉਨ੍ਹਾਂ ਲੰਡਨ(ਇੰਗਲੈਂਡ ਵਿੱਚ ਗੁਜ਼ਾਰਿਆ।
Get all latest content delivered to your email a few times a month.