ਤਾਜਾ ਖਬਰਾਂ
ਉਤਰਾਖੰਡ ਦੇ ਚਮੋਲੀ ਸਥਿਤ ਪੀਪਲਕੋਟੀ ਦੇ ਮਾਇਆਪੁਰ 'ਚ ਬੀਤੀ ਸ਼ਾਮ ਇੱਕ ਵੱਡਾ ਹਾਦਸਾ ਵਾਪਰ ਗਿਆ। THDC ਦੀ ਨਿਰਮਾਣ ਅਧੀਨ 3 ਕਿਲੋਮੀਟਰ ਲੰਬੀ ਟਨਲ 'ਚ ਲੈਂਡਸਲਾਈਡ ਤੋਂ ਬਾਅਦ ਅਚਾਨਕ ਮਲਬਾ ਅਤੇ ਪਾਣੀ ਭਰ ਗਿਆ, ਜਿਸ ਕਾਰਨ ਅੰਦਰ ਕੰਮ ਕਰ ਰਹੇ 22 ਮਜ਼ਦੂਰ ਫਸ ਗਏ। ਇਸ ਭਿਆਨਕ ਹਾਦਸੇ 'ਚ 7 ਮਜ਼ਦੂਰਾਂ ਦੀ ਮੌਤ ਦੀ ਅਧਿਕਾਰਤ ਪੁਸ਼ਟੀ ਹੋ ਚੁੱਕੀ ਹੈ, ਜਦਕਿ ਬਾਹਰ ਕੱਢੇ ਗਏ ਮਜ਼ਦੂਰਾਂ 'ਚੋਂ 2 ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ।
ਮ੍ਰਿਤਕਾਂ ਦੀ ਪਛਾਣ ਮੁਕੇਸ਼, ਪ੍ਰਦੀਪ ਪਵਾਰ, ਦੁਰਲਭ ਸ਼ਰਮਾ, ਵਿਜੇ, ਜੀਤੇਂਦਰ, ਲਕੇਸ਼ਵਰ ਅਤੇ ਘੁਨੇਸ਼ਵਰ ਵਜੋਂ ਹੋਈ ਹੈ। ਟਨਲ ਅੰਦਰ ਜ਼ਿਆਦਾ ਮਲਬਾ ਅਤੇ ਪਾਣੀ ਦਾ ਰਿਸਾਵ ਹੋਣ ਕਾਰਨ ਬਚਾਅ ਟੀਮਾਂ ਨੂੰ ਮਜ਼ਦੂਰਾਂ ਤੱਕ ਪਹੁੰਚਣ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜ਼ਿਲ੍ਹਾ ਅਧਿਕਾਰੀ ਗੌਰਵ ਕੁਮਾਰ ਦੀ ਦੇਖ-ਰੇਖ ਹੇਠ ਚੱਲੇ ਇਸ ਆਪ੍ਰੇਸ਼ਨ 'ਚ NDRF ਦੇ 27, SDRF ਦੇ 42, DRF ਦੇ 4, ਫਾਇਰ ਸਰਵਿਸ ਦੇ 9 ਕਰਮਚਾਰੀ ਅਤੇ 22 ਪੁਲਿਸ ਜਵਾਨ ਦੇਰ ਰਾਤ ਤੱਕ ਰੈਸਕਿਊ 'ਚ ਜੁਟੇ ਰਹੇ।
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਫ਼ੌਜ ਅਤੇ ITBP ਦੀਆਂ ਵਾਧੂ ਟੀਮਾਂ ਨੂੰ ਵੀ ਮੌਕੇ 'ਤੇ ਰਵਾਨਾ ਕੀਤਾ ਗਿਆ ਹੈ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਘਟਨਾ 'ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ ਟਨਲ 'ਚ ਫਸੇ ਹਰ ਇੱਕ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢਣਾ ਹੈ ਅਤੇ ਰੈਸਕਿਊ ਆਪ੍ਰੇਸ਼ਨ 'ਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ।
Get all latest content delivered to your email a few times a month.