ਤਾਜਾ ਖਬਰਾਂ
ਇਹ SOP ਸਥਾਨਕ ਸਰਕਾਰਾਂ ਵਿਭਾਗ ਵੱਲੋਂ ਤਿਆਰ ਕੀਤੀ ਗਈ ਹੈ ਅਤੇ ਇਸ ਨੂੰ ਸੂਬੇ ਭਰ ਵਿੱਚ ਲਾਗੂ ਕੀਤਾ ਗਿਆ ਹੈ। ਸਰਕਾਰ ਵੱਲੋਂ ਇਹ ਕਦਮ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮਾਂ, 2026 ਤਹਿਤ ਚੁੱਕਿਆ ਗਿਆ ਹੈ।
ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰਮੁੱਖ ਗੁਰਦੁਆਰੇ, ਮੰਦਰ, ਮਸਜਿਦਾਂ, ਦਰਗਾਹਾਂ, ਇਤਿਹਾਸਕ ਸਥਾਨ, ਅਜਾਇਬ ਘਰ, ਵਿਰਾਸਤੀ ਕੇਂਦਰ ਅਤੇ ਵੈੱਟਲੈਂਡਜ਼ ਆਦਿ ਨੂੰ ਕਵਰ ਕੀਤਾ ਜਾਵੇਗਾ। ਇਨ੍ਹਾਂ ਸਥਾਨਾਂ ’ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਸੈਲਾਨੀ ਪਹੁੰਚਦੇ ਹਨ, ਜਿਸ ਕਾਰਨ ਇੱਥੇ ਸਫਾਈ ਅਤੇ ਕੂੜਾ ਪ੍ਰਬੰਧਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।
ਸਥਾਨਾਂ ’ਤੇ ਇਕੱਠੇ ਹੋਣ ਵਾਲੇ ਕੂੜੇ ਨੂੰ ਮੌਕੇ ’ਤੇ ਹੀ ਚਾਰ ਸ਼੍ਰੇਣੀਆਂ ਵਿੱਚ ਵੱਖ ਕੀਤਾ ਜਾਵੇਗਾ। ਇਸ ਵਿੱਚ ਗਿੱਲਾ, ਸੁੱਕਾ, ਸੈਨੇਟਰੀ ਅਤੇ ਖਤਰਨਾਕ ਕੂੜਾ ਸ਼ਾਮਲ ਹੋਵੇਗਾ। ਇਸ ਨਾਲ ਕੂੜੇ ਨੂੰ ਸਹੀ ਢੰਗ ਨਾਲ ਇਕੱਠਾ ਕਰਨ, ਢੋਆ-ਢੁਆਈ ਅਤੇ ਨਿਪਟਾਰੇ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਇਆ ਜਾ ਸਕੇਗਾ।
ਨਵੀਂ SOP ਤਹਿਤ ਪਲਾਸਟਿਕ ਬੈਗਾਂ ਅਤੇ ਸਿੰਗਲ-ਯੂਜ਼ ਪਲਾਸਟਿਕ ਦੀਆਂ ਡਿਸਪੋਜ਼ੇਬਲ ਵਸਤੂਆਂ ਦੀ ਵਰਤੋਂ, ਵਿਕਰੀ ਅਤੇ ਸਟਾਕ ਕਰਨ ’ਤੇ ਪਾਬੰਦੀ ਹੋਵੇਗੀ। ਇਸ ਸਬੰਧੀ ਸੈਲਾਨੀਆਂ, ਸ਼ਰਧਾਲੂਆਂ ਅਤੇ ਦੁਕਾਨਦਾਰਾਂ ਨੂੰ ਜਾਗਰੂਕ ਕਰਨ ਲਈ ਮੁਹਿੰਮਾਂ ਵੀ ਚਲਾਈਆਂ ਜਾਣਗੀਆਂ।
ਮੇਲਿਆਂ ਅਤੇ ਵੱਡੇ ਧਾਰਮਿਕ ਸਮਾਗਮਾਂ ਦੌਰਾਨ ਕੂੜੇ ਦੀ ਮਾਤਰਾ ਵਧਣ ਦੇ ਮੱਦੇਨਜ਼ਰ ਵਿਸ਼ੇਸ਼ ਸਫਾਈ ਪ੍ਰਬੰਧ ਕੀਤੇ ਜਾਣਗੇ। ਇਨ੍ਹਾਂ ਮੌਕਿਆਂ ’ਤੇ ਵਾਧੂ ਸਫਾਈ ਕਰਮਚਾਰੀ ਤਾਇਨਾਤ ਕਰਨ ਦੇ ਨਾਲ-ਨਾਲ ਅਸਥਾਈ ਕੂੜਾ ਇਕੱਠਾ ਕਰਨ ਵਾਲੀਆਂ ਥਾਵਾਂ ਵੀ ਬਣਾਈਆਂ ਜਾਣਗੀਆਂ।
ਸਰਕਾਰ ਵੱਲੋਂ ਪਛਾਣੇ ਗਏ ਸਾਰੇ ਸਥਾਨਾਂ ਦੀ GIS ਮੈਪਿੰਗ ਅਤੇ ਜੀਓ-ਟੈਗਿੰਗ ਕੀਤੀ ਜਾਵੇਗੀ। ਤਕਨਾਲੋਜੀ ਦੀ ਮਦਦ ਨਾਲ ਅਧਿਕਾਰੀ ਸਫਾਈ ਪ੍ਰਬੰਧਾਂ ਦੀ ਨਿਗਰਾਨੀ ਕਰ ਸਕਣਗੇ ਅਤੇ ਜਿੱਥੇ ਕਮੀ ਰਹਿ ਰਹੀ ਹੋਵੇਗੀ, ਉਸ ਦੀ ਪਛਾਣ ਕਰਕੇ ਤੁਰੰਤ ਕਾਰਵਾਈ ਕੀਤੀ ਜਾ ਸਕੇਗੀ।
ਇਨ੍ਹਾਂ ਪ੍ਰਬੰਧਾਂ ਦੀ ਜ਼ਿੰਮੇਵਾਰੀ ਨਗਰ ਨਿਗਮਾਂ, ਡਿਪਟੀ ਕਮਿਸ਼ਨਰਾਂ, ਸੈਰ-ਸਪਾਟਾ ਵਿਭਾਗ ਅਤੇ ਸਬੰਧਤ ਧਾਰਮਿਕ ਟਰੱਸਟਾਂ ’ਤੇ ਹੋਵੇਗੀ। ਜ਼ਿਲ੍ਹਾ ਪੱਧਰ ’ਤੇ ਡਿਪਟੀ ਕਮਿਸ਼ਨਰ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਅਤੇ ਪ੍ਰਬੰਧਾਂ ਦੀ ਸਮੀਖਿਆ ਕਰਨਗੇ।
ਨਵੀਂ ਪ੍ਰਣਾਲੀ ਤਹਿਤ ਜਨਤਕ ਥਾਵਾਂ ’ਤੇ ਕੂੜਾ ਸੁੱਟਣ, ਖੁੱਲ੍ਹੇ ਵਿੱਚ ਡੰਪ ਕਰਨ ਅਤੇ ਕੂੜਾ ਸਾੜਨ ’ਤੇ ਰੋਕ ਹੋਵੇਗੀ। ਸਫਾਈ ਪ੍ਰਬੰਧਾਂ ਵਿੱਚ ਮੌਜੂਦ ਕਮੀਆਂ ਨੂੰ ਦੂਰ ਕਰਨ ਲਈ ਬੁਨਿਆਦੀ ਢਾਂਚੇ ਦਾ ਗੈਪ ਵਿਸ਼ਲੇਸ਼ਣ ਵੀ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਲੋਕਾਂ ਨੂੰ ਕੂੜਾ ਨਾ ਸੁੱਟਣ ਅਤੇ ਸਫਾਈ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ। ਜਨਤਕ ਥਾਵਾਂ ’ਤੇ ਜੁਰਮਾਨਿਆਂ ਅਤੇ ਸਫਾਈ ਨਿਯਮਾਂ ਸਬੰਧੀ ਜਾਣਕਾਰੀ ਵਾਲੇ ਸਾਈਨ ਬੋਰਡ ਲਗਾਏ ਜਾਣਗੇ। ਸਫਾਈ ਪ੍ਰਬੰਧਾਂ ਦੀ ਨਿਗਰਾਨੀ ਲਈ ਸ਼ਹਿਰੀ ਸਥਾਨਕ ਸੰਸਥਾਵਾਂ ਵੱਲੋਂ ਨੋਡਲ ਅਫਸਰ ਵੀ ਨਿਯੁਕਤ ਕੀਤੇ ਗਏ ਹਨ।
ਇਸ SOP ਦਾ ਮੁੱਖ ਉਦੇਸ਼ ਪੰਜਾਬ ਦੇ ਧਾਰਮਿਕ, ਵਿਰਾਸਤੀ ਅਤੇ ਸੈਰ-ਸਪਾਟਾ ਸਥਾਨਾਂ ’ਤੇ ਸਫਾਈ ਪ੍ਰਬੰਧਾਂ ਨੂੰ ਨਿਯਮਤ ਕਰਨਾ, ਕੂੜੇ ਦੇ ਸਹੀ ਨਿਪਟਾਰੇ ਨੂੰ ਯਕੀਨੀ ਬਣਾਉਣਾ ਅਤੇ ਸੈਲਾਨੀਆਂ ਤੇ ਸ਼ਰਧਾਲੂਆਂ ਨੂੰ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਹੈ।
Get all latest content delivered to your email a few times a month.