ਤਾਜਾ ਖਬਰਾਂ
ਜਲੰਧਰ ਦੇ ਇੱਕ ਗੁਰਦੁਆਰਾ ਸਾਹਿਬ ਤੋਂ ਧਾਰਮਿਕ ਮਰਿਆਦਾ ਨੂੰ ਢਾਹ ਲਾਉਣ ਵਾਲਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਗ੍ਰੰਥੀ ਸਿੰਘ ਵੱਲੋਂ ਗੁਰਦੁਆਰਾ ਪਰਿਸਰ ਅੰਦਰ ਬੀੜੀ-ਤੰਬਾਕੂ ਦਾ ਸੇਵਨ ਕਰਨ ਦਾ ਖੁਲਾਸਾ ਹੋਇਆ ਹੈ। ਘਟਨਾ ਤੋਂ ਬਾਅਦ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਜਾਂਚ ਦੌਰਾਨ ਉਕਤ ਗ੍ਰੰਥੀ ਦੇ ਸਾਮਾਨ 'ਚੋਂ ਬੀੜੀਆਂ, ਸਿਗਰਟਾਂ, ਤੰਬਾਕੂ ਅਤੇ ਕੁਝ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਮਾਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਗ੍ਰੰਥੀ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਦਾ ਰਹਿਣ ਵਾਲਾ ਹੈ। ਸੰਗਤ ਵੱਲੋਂ ਕੀਤੀ ਸਖ਼ਤ ਪੁੱਛਗਿੱਛ ਦੌਰਾਨ ਉਸ ਨੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਬੀੜੀ ਪੀਣ ਦਾ ਗੁਨਾਹ ਕਬੂਲ ਕਰ ਲਿਆ। ਇਸ ਤੋਂ ਬਾਅਦ ਜਦੋਂ ਉਸ ਦੇ ਮੋਬਾਈਲ ਅਤੇ ਹੋਰ ਸਾਮਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 7-8 ਪੈੱਨ ਡਰਾਈਵਾਂ ਵੀ ਮਿਲੀਆਂ, ਜਿਨ੍ਹਾਂ ਵਿੱਚੋਂ ਗੁਰਬਾਣੀ ਦੇ ਨਾਲ-ਨਾਲ ਕਥਿਤ ਤੌਰ 'ਤੇ ਕੁਝ ਅਸ਼ਲੀਲ ਅਤੇ ਇਤਰਾਜ਼ਯੋਗ ਵੀਡੀਓਜ਼ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।
ਘਟਨਾ ਤੋਂ ਬਾਅਦ ਪ੍ਰਬੰਧਕੀ ਕਮੇਟੀ ਨੇ ਕਾਰਵਾਈ ਕਰਦਿਆਂ ਦੋਸ਼ੀ ਕੋਲੋਂ ਕਾਗਜ਼ 'ਤੇ ਲਿਖਤੀ ਮਾਫ਼ੀਨਾਮਾ ਲਿਆ ਹੈ। ਗ੍ਰੰਥੀ ਨੇ ਬਿਨਾਂ ਕਿਸੇ ਦਬਾਅ ਤੋਂ ਆਪਣੀ ਗਲਤੀ ਮੰਨਦਿਆਂ ਲਿਖਤੀ ਬਿਆਨ ਦਿੱਤਾ ਹੈ ਕਿ ਉਹ ਭਵਿੱਖ ਵਿੱਚ ਕਦੇ ਵੀ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਜਾਂ ਸੇਵਾਦਾਰ ਵਜੋਂ ਸੇਵਾ ਨਿਭਾਉਣ ਦਾ ਦਾਅਵਾ ਨਹੀਂ ਕਰੇਗਾ।
Get all latest content delivered to your email a few times a month.