ਤਾਜਾ ਖਬਰਾਂ
ਗੁਰਦਾਸਪੁਰ ਵਿੱਚ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਲੈਫ. ਸ਼ਹੀਦ ਨਵਦੀਪ ਸਿੰਘ (ਅਸ਼ੋਕ ਚੱਕਰ) ਖੇਡ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ। ਸਮਾਗਮ ਵਿੱਚ ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਆਦਿਤਿਆ ਉੱਪਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਆਜ਼ਾਦੀ ਦਿਵਸ ਸਮਾਗਮ ਨਾਲ ਸਬੰਧਤ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਅਤੇ ਪੂਰੀ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਉਣ ਦੇ ਨਿਰਦੇਸ਼ ਦਿੱਤੇ।
ਸਟੇਡੀਅਮ ਦੀ ਸਫ਼ਾਈ ਤੇ ਸਜਾਵਟ, ਬੈਠਣ ਦਾ ਪ੍ਰਬੰਧ, ਪੀਣ ਵਾਲਾ ਪਾਣੀ, ਨਿਰਵਿਘਨ ਬਿਜਲੀ ਸਪਲਾਈ, ਫਾਇਰ ਬ੍ਰਿਗੇਡ, ਆਰਜ਼ੀ ਪਖਾਨੇ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਉਣ ਲਈ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ। ਸਿਹਤ ਵਿਭਾਗ ਨੂੰ ਸਮਾਗਮ ਅਤੇ ਰਿਹਰਸਲਾਂ ਦੌਰਾਨ ਮੈਡੀਕਲ ਟੀਮਾਂ ਤਾਇਨਾਤ ਕਰਨ ਲਈ ਵੀ ਕਿਹਾ ਗਿਆ ਹੈ। ਬੱਚਿਆਂ ਲਈ ਰਿਫ੍ਰੈਸ਼ਮੈਂਟ ਦੇ ਪ੍ਰਬੰਧ ਕਰਨ ਦੇ ਵੀ ਆਦੇਸ਼ ਦਿੱਤੇ ਗਏ।
ਨਗਰ ਕੌਂਸਲ ਨੂੰ ਸਟੇਡੀਅਮ ਦੇ ਨਾਲ-ਨਾਲ ਸ਼ਹਿਰ ਦੀ ਸਫ਼ਾਈ, ਸਵਾਗਤੀ ਗੇਟਾਂ ਅਤੇ ਚੌਂਕਾਂ ਦੀ ਵਿਸ਼ੇਸ਼ ਸਜਾਵਟ ਕਰਨ ਲਈ ਕਿਹਾ ਗਿਆ। ਪੁਲਿਸ ਵਿਭਾਗ ਨੂੰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਅਤੇ ਸਮਾਗਮ ਤੋਂ ਪਹਿਲਾਂ ਤੇ ਬਾਅਦ ਵਿੱਚ ਟ੍ਰੈਫਿਕ ਨੂੰ ਸੁਚਾਰੂ ਬਣਾਈ ਰੱਖਣ ਲਈ ਢੁੱਕਵੇਂ ਬੰਦੋਬਸਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਮੌਕੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਸਾਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ ਅਤੇ ਸਿੱਖਿਆ ਤੇ ਖੇਡਾਂ ਵਿੱਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਸਮਾਗਮ ਦੌਰਾਨ ਸਕੂਲੀ ਬੱਚਿਆਂ ਵੱਲੋਂ ਦੇਸ਼-ਭਗਤੀ ਨਾਲ ਭਰਪੂਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਪੰਜਾਬ ਪੁਲਿਸ, ਮਹਿਲਾ ਪੁਲਿਸ, ਪੰਜਾਬ ਹੋਮ ਗਾਰਡਜ਼, ਐੱਨ.ਸੀ.ਸੀ. ਕੈਡਿਟਾਂ, ਸਕਾਊਟਸ ਅਤੇ ਗਰਲ ਗਾਈਡਜ਼ ਵੱਲੋਂ ਮਾਰਚ ਪਾਸਟ ਕੀਤਾ ਜਾਵੇਗਾ, ਜਦਕਿ ਸਕੂਲੀ ਬੱਚਿਆਂ ਵੱਲੋਂ ਪੀ.ਟੀ. ਸ਼ੋਅ ਵੀ ਪੇਸ਼ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ 13 ਅਗਸਤ ਨੂੰ ਸਵੇਰੇ 9 ਵਜੇ ਕਰਵਾਈ ਜਾਵੇਗੀ।
Get all latest content delivered to your email a few times a month.