ਤਾਜਾ ਖਬਰਾਂ
ਬਠਿੰਡਾ ਪੁਲਿਸ ਨੇ ਹਨੀਟ੍ਰੈਪ ਰਾਹੀਂ ਲੋਕਾਂ ਨੂੰ ਕਥਿਤ ਤੌਰ ’ਤੇ ਲੁੱਟਣ ਅਤੇ ਬਲੈਕਮੇਲ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ 28 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਗਿਰੋਹ ਵਿੱਚ ਔਰਤਾਂ ਸਮੇਤ ਕਈ ਵਿਅਕਤੀ ਸ਼ਾਮਲ ਸਨ, ਜੋ ਰਾਤ ਸਮੇਂ ਰਾਹਗੀਰਾਂ ਨੂੰ ਲਿਫ਼ਟ ਮੰਗਣ ਦੇ ਬਹਾਨੇ ਆਪਣੇ ਜਾਲ ਵਿੱਚ ਫਸਾਉਂਦੇ ਸਨ।
ਪੁਲਿਸ ਜਾਂਚ ਅਨੁਸਾਰ, ਗਿਰੋਹ ਦੀਆਂ ਔਰਤਾਂ ਪਹਿਲਾਂ ਰਾਹਗੀਰਾਂ ਤੋਂ ਲਿਫ਼ਟ ਮੰਗਦੀਆਂ ਅਤੇ ਗੱਲਬਾਤ ਰਾਹੀਂ ਉਨ੍ਹਾਂ ਨੂੰ ਆਪਣੇ ਨਾਲ ਹੋਟਲ ਜਾਂ ਕਿਸੇ ਇਕਾਂਤ ਥਾਂ ’ਤੇ ਜਾਣ ਲਈ ਰਾਜ਼ੀ ਕਰਦੀਆਂ ਸਨ। ਉੱਥੇ ਪਹਿਲਾਂ ਤੋਂ ਮੌਜੂਦ ਗਿਰੋਹ ਦੇ ਹੋਰ ਮੈਂਬਰ ਕਥਿਤ ਤੌਰ ’ਤੇ ਪੀੜਤਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਨਾਲ ਛੇੜਛਾੜ ਜਾਂ ਹੋਰ ਇਤਰਾਜ਼ਯੋਗ ਹਾਲਾਤਾਂ ਦੀ ਵੀਡੀਓ ਬਣਾਉਂਦੇ ਸਨ।
ਇਸ ਤੋਂ ਬਾਅਦ ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਪੀੜਤਾਂ ਤੋਂ ਪੈਸੇ ਵਸੂਲਣ ਦਾ ਦੋਸ਼ ਹੈ। ਪੁਲਿਸ ਦਾ ਕਹਿਣਾ ਹੈ ਕਿ ਗਿਰੋਹ ਕਥਿਤ ਤੌਰ ’ਤੇ ਇਸ ਤਰੀਕੇ ਨਾਲ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਜਬਰੀ ਵਸੂਲੀ ਕਰਦਾ ਸੀ।
ਕੋਤਵਾਲੀ ਥਾਣੇ ਦੇ ਐੱਸਐੱਚਓ ਇੰਸਪੈਕਟਰ ਯਾਦਵਿੰਦਰ ਸਿੰਘ ਮੁਤਾਬਕ 7 ਅਗਸਤ ਨੂੰ ਪੁਲਿਸ ਟੀਮ ਰੇਲਵੇ ਸਟੇਸ਼ਨ ਨੇੜੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਮਰਦਾਂ ਅਤੇ ਔਰਤਾਂ ਦਾ ਇੱਕ ਸਮੂਹ ਲੋਕਾਂ ਨੂੰ ਲੁੱਟਣ ਅਤੇ ਡਰਾ-ਧਮਕਾ ਕੇ ਪੈਸੇ ਵਸੂਲਣ ਦੀ ਕੋਸ਼ਿਸ਼ ਕਰ ਰਿਹਾ ਹੈ।
ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰ ਲਿਆ। ਮਾਮਲੇ ਵਿੱਚ ਐੱਫਆਈਆਰ ਨੰਬਰ 162, ਮਿਤੀ 8 ਅਗਸਤ 2026 ਦਰਜ ਕੀਤੀ ਗਈ ਹੈ। ਪੁਲਿਸ ਵੱਲੋਂ ਬੀਐਨਐਸ ਦੀਆਂ ਧਾਰਾਵਾਂ 304(2), 111, 190 ਅਤੇ 191(3) ਤਹਿਤ ਕਾਰਵਾਈ ਕੀਤੀ ਗਈ ਹੈ।
ਪੁਲਿਸ ਅਨੁਸਾਰ ਮਾਮਲੇ ਵਿੱਚ ਕੁੱਲ 28 ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ ਅਤੇ ਗਿਰੋਹ ਦੇ ਪੂਰੇ ਨੈੱਟਵਰਕ ਅਤੇ ਇਸ ਨਾਲ ਜੁੜੀਆਂ ਹੋਰ ਸੰਭਾਵਿਤ ਵਾਰਦਾਤਾਂ ਸਬੰਧੀ ਜਾਂਚ ਜਾਰੀ ਹੈ।
Get all latest content delivered to your email a few times a month.