ਤਾਜਾ ਖਬਰਾਂ
ਲੁਧਿਆਣਾ ਦੇ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ 'ਤੇ ਸ਼ੁੱਕਰਵਾਰ ਦੁਪਹਿਰ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ (AI-484) ਉਡਾਣ ਭਰਨ ਤੋਂ ਐਨ ਪਹਿਲਾਂ ਤਕਨੀਕੀ ਖ਼ਰਾਬੀ ਦਾ ਸ਼ਿਕਾਰ ਹੋ ਗਈ। ਜਹਾਜ਼ ਜਿਵੇਂ ਹੀ ਰਨਵੇ ਵੱਲ ਵਧਣ ਲੱਗਾ, ਉਸ ਵਿੱਚੋਂ ਇੱਕ ਜ਼ੋਰਦਾਰ ਆਵਾਜ਼ ਆਈ, ਜਿਸ ਤੋਂ ਬਾਅਦ ਪਾਇਲਟ ਨੇ ਤੁਰੰਤ ਬ੍ਰੇਕ ਲਗਾ ਕੇ ਜਹਾਜ਼ ਨੂੰ ਵਾਪਸ ਏਪ੍ਰਨ 'ਤੇ ਲਿਆ ਖੜ੍ਹਾ ਕੀਤਾ ਅਤੇ ਇੱਕ ਵੱਡਾ ਹਾਦਸਾ ਵਾਪਰਨੋਂ ਬਚ ਗਿਆ।
ਘਟਨਾ ਤੋਂ ਤੁਰੰਤ ਬਾਅਦ ਸੁਰੱਖਿਆ ਪ੍ਰੋਟੋਕੋਲ ਤਹਿਤ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਹੇਠਾਂ ਉਤਾਰ ਕੇ ਬੱਸਾਂ ਰਾਹੀਂ ਸੁਰੱਖਿਅਤ ਟਰਮੀਨਲ ਬਿਲਡਿੰਗ 'ਚ ਪਹੁੰਚਾਇਆ ਗਿਆ। ਤਕਨੀਕੀ ਟੀਮਾਂ ਵੱਲੋਂ ਬਾਰੀਕੀ ਨਾਲ ਕੀਤੀ ਜਾਂਚ ਅਤੇ ਖ਼ਰਾਬੀ ਠੀਕ ਕਰਨ ਤੋਂ ਬਾਅਦ ਫਲਾਈਟ ਨੂੰ ਕਰੀਬ 4 ਘੰਟੇ ਦੀ ਦੇਰੀ ਨਾਲ ਸ਼ਾਮ 7 ਵਜੇ ਦਿੱਲੀ ਲਈ ਰਵਾਨਾ ਕੀਤਾ ਗਿਆ। ਹਾਲਾਂਕਿ, ਏਅਰ ਇੰਡੀਆ ਅਤੇ ਏਅਰਪੋਰਟ ਅਥਾਰਟੀ ਨੇ ਖ਼ਰਾਬੀ ਦੇ ਅਸਲ ਕਾਰਨਾਂ ਬਾਰੇ ਕੋਈ ਵੀ ਬਿਆਨ ਦੇਣ ਤੋਂ ਪਾਸਾ ਵੱਟ ਲਿਆ ਹੈ।
ਪ੍ਰਤੱਖਦਰਸ਼ੀ ਅਮਨਦੀਪ ਸਿੰਘ ਅਨੁਸਾਰ, ਸ਼ੁੱਕਰਵਾਰ (7 ਅਗਸਤ) ਦੁਪਹਿਰ 2:40 ਵਜੇ ਜਦੋਂ ਫਲਾਈਟ ਰਨਵੇ ਵੱਲ ਵਧ ਰਹੀ ਸੀ, ਤਾਂ ਇੰਜਣ/ਅਗਲੇ ਹਿੱਸੇ ਵੱਲੋਂ ਇੱਕ ਬੇਹੱਦ ਤੇਜ਼ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਉਡਾਣ ਰੋਕ ਦਿੱਤੀ ਗਈ। ਸਟਾਫ਼ ਵੱਲੋਂ ਯਾਤਰੀਆਂ ਨੂੰ ਤਕਨੀਕੀ ਨੁਕਸ ਤੋਂ ਇਲਾਵਾ ਦਿੱਲੀ 'ਚ ਖ਼ਰਾਬ ਮੌਸਮ ਅਤੇ ਭਾਰੀ ਬਾਰਿਸ਼ ਹੋਣ ਦੀ ਜਾਣਕਾਰੀ ਵੀ ਦਿੱਤੀ ਗਈ।
ਦੁਪਹਿਰ ਦੀ ਇਸ ਉਡਾਣ ਵਿੱਚ ਕੁੱਲ 50 ਯਾਤਰੀ ਸਵਾਰ ਸਨ। ਫਲਾਈਟ 'ਚ 4 ਘੰਟੇ ਦੀ ਦੇਰੀ ਦੀ ਖ਼ਬਰ ਮਿਲਦਿਆਂ ਹੀ 30 ਯਾਤਰੀਆਂ ਨੇ ਆਪਣਾ ਸਫ਼ਰ ਰੱਦ ਕਰ ਦਿੱਤਾ ਅਤੇ ਏਅਰਪੋਰਟ ਤੋਂ ਵਾਪਸ ਘਰਾਂ ਨੂੰ ਪਰਤ ਗਏ, ਜਦਕਿ ਬਾਕੀ 20 ਯਾਤਰੀਆਂ ਨੇ ਇੰਤਜ਼ਾਰ ਕੀਤਾ।
ਜ਼ਿਕਰਯੋਗ ਹੈ ਕਿ ਹਲਵਾਰਾ ਤੋਂ ਏਅਰ ਇੰਡੀਆ ਦੀਆਂ ਉਡਾਣਾਂ 'ਚ ਵਿਘਨ ਪੈਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਲੰਘੇ ਦਿਨੀਂ ਵੀ ਦਿੱਲੀ ਤੋਂ ਹਲਵਾਰਾ ਆ ਰਹੀ ਫਲਾਈਟ ਨੂੰ ਖ਼ਰਾਬ ਮੌਸਮ ਕਾਰਨ 10 ਹਜ਼ਾਰ ਫੁੱਟ ਦੀ ਉੱਚਾਈ ਤੋਂ ਇਹਤੀਆਤ ਵਜੋਂ ਵਾਪਸ ਦਿੱਲੀ ਲੈਂਡ ਕਰਵਾਉਣਾ ਪਿਆ ਸੀ।
Get all latest content delivered to your email a few times a month.