IMG-LOGO
ਹੋਮ ਪੰਜਾਬ: ਮੀਰੀ ਪੀਰੀ ਖ਼ਾਲਸਾ ਮਾਰਚ ਦਾ ਪਹਿਲਾ ਪੜਾਅ ਤਖ਼ਤ ਸ੍ਰੀ ਦਮਦਮਾ...

ਮੀਰੀ ਪੀਰੀ ਖ਼ਾਲਸਾ ਮਾਰਚ ਦਾ ਪਹਿਲਾ ਪੜਾਅ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਪੂਰਨ, 23 ਅਗਸਤ ਤੋਂ ਦੂਜੇ ਪੜਾਅ ਦੀ ਹੋਵੇਗੀ ਸ਼ੁਰੂਆਤ

Admin User - Aug 05, 2026 06:11 PM
IMG

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 24 ਜੁਲਾਈ ਨੂੰ ਆਰੰਭ ਹੋਇਆ 'ਮੀਰੀ ਪੀਰੀ ਖ਼ਾਲਸਾ ਮਾਰਚ' ਆਪਣੇ ਪਹਿਲੇ ਪੜਾਅ ਦੀ ਸਫ਼ਲ ਸਮਾਪਤੀ ਤੋਂ ਬਾਅਦ ਬੀਤੀ ਰਾਤ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਪਹੁੰਚ ਕੇ ਸੰਪੂਰਨ ਹੋ ਗਿਆ। ਮਾਰਚ ਦੇ ਦਮਦਮਾ ਸਾਹਿਬ ਪਹੁੰਚਣ 'ਤੇ ਵੱਡੀ ਗਿਣਤੀ ਵਿੱਚ ਇਕੱਠੀ ਹੋਈ ਸੰਗਤ ਨੇ ਆਤਿਸ਼ਬਾਜ਼ੀ ਕਰਕੇ ਅਤੇ ਜੈਕਾਰਿਆਂ ਨਾਲ ਸ਼ਾਨਦਾਰ ਸਵਾਗਤ ਕੀਤਾ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਮਾਰਚ ਦੌਰਾਨ ਪੰਜਾਬ ਦੇ ਮਾਝਾ ਅਤੇ ਮਾਲਵਾ ਖੇਤਰ ਦੇ ਅਨੇਕਾਂ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਸਿੱਖੀ ਦੇ ਪ੍ਰਚਾਰ-ਪ੍ਰਸਾਰ ਦੇ ਨਾਲ-ਨਾਲ ਸੰਗਤ ਨੂੰ ਕੌਮੀ ਏਕਤਾ, ਧਾਰਮਿਕ ਚੇਤਨਾ ਅਤੇ ਸਮਾਜਿਕ ਜ਼ਿੰਮੇਵਾਰੀਆਂ ਦਾ ਸੰਦੇਸ਼ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਇਸ ਯਾਤਰਾ ਨੂੰ ਪੰਥ ਦੀਆਂ ਵੱਖ-ਵੱਖ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਜ਼ਾਰਾਂ ਸਿੱਖ ਸੰਗਤਾਂ ਦਾ ਭਰਪੂਰ ਸਹਿਯੋਗ ਮਿਲਿਆ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕੀਤਾ, ਜੋ ਮਾਰਚ ਦੌਰਾਨ ਹਰ ਰੋਜ਼ ਹਾਜ਼ਰ ਰਹੇ ਅਤੇ ਪ੍ਰਬੰਧਾਂ ਦੀ ਖ਼ੁਦ ਦੇਖਭਾਲ ਕਰਦੇ ਰਹੇ। ਇਸ ਦੇ ਨਾਲ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ ਗਿਆ।

ਜਥੇਦਾਰ ਗੜਗੱਜ ਨੇ ਕਿਹਾ ਕਿ ਗਰਮੀ ਅਤੇ ਭਾਰੀ ਬਾਰਿਸ਼ ਦੇ ਬਾਵਜੂਦ ਸੰਗਤ ਨੇ ਉਤਸ਼ਾਹ ਨਾਲ ਮਾਰਚ ਵਿੱਚ ਸ਼ਮੂਲੀਅਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਆਪਣੀ ਅਟੁੱਟ ਸ਼ਰਧਾ ਦਾ ਪ੍ਰਗਟਾਵਾ ਕੀਤਾ, ਜੋ ਪੂਰੇ ਪੰਥ ਲਈ ਪ੍ਰੇਰਣਾਦਾਇਕ ਹੈ।

ਉਨ੍ਹਾਂ ਦੱਸਿਆ ਕਿ ਮਾਰਚ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਪਿੰਡਾਂ ਵਿੱਚ ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨਾਲ ਜੁੜਨ, ਦੇਹਧਾਰੀ ਡੰਮਾਂ ਤੋਂ ਦੂਰ ਰਹਿਣ ਅਤੇ ਆਪਸੀ ਭਾਈਚਾਰੇ ਅਤੇ ਏਕਤਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਸ ਦੇ ਨਾਲ ਪੰਜਾਬੀਆਂ ਨੂੰ ਆਪਣੀ ਮਿੱਟੀ, ਜ਼ਮੀਨ ਅਤੇ ਵਿਰਸੇ ਨਾਲ ਜੁੜੇ ਰਹਿਣ, ਪੰਜਾਬ ਨਾ ਛੱਡਣ ਅਤੇ ਆਪਣੀਆਂ ਜ਼ਮੀਨਾਂ ਦੀ ਸੰਭਾਲ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ।

ਜਥੇਦਾਰ ਗੜਗੱਜ ਨੇ ਇਹ ਵੀ ਕਿਹਾ ਕਿ ਸਿੱਖ ਪਰਿਵਾਰਾਂ ਨੂੰ ਵੱਡੇ ਪਰਿਵਾਰਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨ ਦਾ ਸੰਦੇਸ਼ ਦਿੱਤਾ ਗਿਆ, ਤਾਂ ਜੋ ਸਮਾਜਿਕ ਅਤੇ ਪਰਿਵਾਰਕ ਰਿਸ਼ਤੇ ਮਜ਼ਬੂਤ ਬਣੇ ਰਹਿਣ। ਨਾਲ ਹੀ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਜਾਂ ਗੁਰੂ ਘਰਾਂ ਦੇ ਪ੍ਰਬੰਧਾਂ ਵਿੱਚ ਦਖ਼ਲ ਦੇਣ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਗਈ।

ਉਨ੍ਹਾਂ ਕਿਹਾ ਕਿ ਇਸ ਮਾਰਚ ਨੂੰ ਖ਼ਾਸ ਕਰਕੇ ਸਿੱਖ ਨੌਜਵਾਨਾਂ ਵੱਲੋਂ ਬੇਹੱਦ ਉਤਸ਼ਾਹਜਨਕ ਸਮਰਥਨ ਮਿਲਿਆ ਹੈ, ਜੋ ਸਿੱਖੀ ਅਤੇ ਪੰਜਾਬ ਦੇ ਭਵਿੱਖ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹਨ। ਉਨ੍ਹਾਂ ਐਲਾਨ ਕੀਤਾ ਕਿ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਦੂਜਾ ਪੜਾਅ 23 ਅਗਸਤ 2026 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ, ਜਿਸ ਤੋਂ ਬਾਅਦ ਅਗਲੇ ਪੜਾਅ ਵਿੱਚ ਮਾਰਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਕੱਢਿਆ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.