ਤਾਜਾ ਖਬਰਾਂ
ਮੋਗਾ, 5 ਅਗਸਤ:
ਏਆਈਸੀਸੀ ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਅੱਜ ਕਿਹਾ ਕਿ ਹੁਣ ਤੱਕ ਸੂਬੇ ਦੇ 12 ਜ਼ਿਲ੍ਹਿਆਂ ਦੇ ਦੌਰੇ ਦੌਰਾਨ ਉਨ੍ਹਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਲੋਕ ਪੰਜਾਬ ਵਿੱਚ ਕਾਂਗਰਸ ਨੂੰ ਮੁੜ ਸੱਤਾ ਵਿੱਚ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਸਿਰਫ਼ ਕਾਂਗਰਸ ਤੋਂ ਹੀ ਉਮੀਦ ਨਜ਼ਰ ਆ ਰਹੀ ਹੈ।
ਮੋਗਾ ਵਿੱਚ ‘ਹਰ ਬੂਥ, ਕਾਂਗਰਸ ਮਜ਼ਬੂਤ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਬਘੇਲ ਨੇ ਕਿਹਾ ਕਿ ਰਾਜਨੀਤੀ ਵਿੱਚ ਆਪਣੇ ਲੰਮੇ ਤਜਰਬੇ ਦੇ ਆਧਾਰ ’ਤੇ ਉਹ ਮਹਿਸੂਸ ਕਰ ਸਕਦੇ ਹਨ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ, ਜੋ ਲੋਕਾਂ ਨਾਲ ਕੀਤੇ ਵਾਅਦਿਆਂ ਅਤੇ ਉਨ੍ਹਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ, ਨੂੰ ਸੱਤਾ ਤੋਂ ਹਟਾਉਣ ਲਈ ਕਾਂਗਰਸ ਨੂੰ ਹੀ ਇੱਕੋ-ਇੱਕ ਬਦਲ ਵਜੋਂ ਦੇਖ ਰਹੇ ਹਨ।
ਉਨ੍ਹਾਂ ਕਿਹਾ, “ਭਗਵੰਤ ਮਾਨ ਨੇ ਪੰਜਾਬ ਨੂੰ ਕਰਜ਼ੇ ਅਤੇ ਨਸ਼ਿਆਂ ਵਿੱਚ ਡੁਬੋ ਦਿੱਤਾ ਹੈ।” ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਆਰਥਿਕਤਾ ਅਤੇ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਢਹਿ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ, ਕਿਉਂਕਿ ਗੈਂਗਸਟਰ ਬਿਨਾਂ ਕਿਸੇ ਡਰ ਦੇ ਲੋਕਾਂ ਨੂੰ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੇ ਇਸ ਤਰ੍ਹਾਂ ਦੀ ਬਦਅਮਨੀ ਪਹਿਲਾਂ ਕਦੇ ਨਹੀਂ ਦੇਖੀ।
ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਬਘੇਲ ਨੇ ਕਿਹਾ ਕਿ ਏਆਈਸੀਸੀ ਪੱਧਰ ’ਤੇ ਚਲਾਏ ਜਾ ਰਹੇ ‘ਸੰਗਠਨ ਸਿਰਜਣ ਪ੍ਰੋਗਰਾਮ’ ਤਹਿਤ ਪਾਰਟੀ ਨੂੰ ਜ਼ਮੀਨੀ ਪੱਧਰ ਅਤੇ ਬੂਥ ਪੱਧਰ ’ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਸੂਬੇ ਦੇ ਸਾਰੇ ਬੂਥਾਂ ’ਤੇ ਬੂਥ ਲੈਵਲ ਏਜੰਟ ਨਿਯੁਕਤ ਕਰਨ ਲਈ ਵਧਾਈ ਦਿੱਤੀ।
ਜ਼ਮੀਨੀ ਪੱਧਰ ਦੇ ਵਰਕਰਾਂ ਨੂੰ ਕਾਂਗਰਸ ਦੇ ਝੰਡਾਬਰਦਾਰ ਦੱਸਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦੀ ਅਸਲ ਤਾਕਤ ਉਸ ਦੇ ਮਜ਼ਬੂਤ ਵਰਕਰ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵੱਡੇ ਆਗੂ ਲਈ ਜ਼ਮੀਨੀ ਪੱਧਰ ਦੇ ਵਰਕਰਾਂ ਦੇ ਸਹਿਯੋਗ ਤੋਂ ਬਿਨਾਂ ਚੋਣ ਜਿੱਤਣਾ ਸੰਭਵ ਨਹੀਂ।
ਬਘੇਲ ਨੇ ਆਮ ਆਦਮੀ ਪਾਰਟੀ ਅਤੇ ਭਾਜਪਾ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਕਾਂਗਰਸ ਦੇ ਪ੍ਰੋਗਰਾਮਾਂ ਨੂੰ ਵਿਘਨ ਪਾਉਣ ਅਤੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ “ਵਾਪਸ ਜਾਓ” ਕਹਿੰਦੇ ਹੋਏ ਹੋਰਡਿੰਗ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ ਇਹ ਸਾਡੇ ਵਿਰੋਧੀਆਂ ਦੀ ਘਬਰਾਹਟ ਦੇ ਸੰਕੇਤ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਦੇ ਪ੍ਰੋਗਰਾਮਾਂ ਨੂੰ ਮਿਲ ਰਹੇ ਭਾਰੀ ਹੁੰਗਾਰੇ ਤੋਂ ਉਹ ਸੰਤੁਸ਼ਟ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਕਦੇ ਵੀ ਇੰਨੇ ਵੱਡੇ ਪੱਧਰ ’ਤੇ ਕਰਨ ਦੀ ਯੋਜਨਾ ਨਹੀਂ ਸੀ, ਪਰ ਲੋਕ ਆਪਣੇ ਆਪ ਵੱਡੀ ਗਿਣਤੀ ਵਿੱਚ ਇਨ੍ਹਾਂ ਵਿੱਚ ਸ਼ਾਮਿਲ ਹੋਏ।
ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਪਾਰਟੀ ਦੇ ਕੁਝ ਬਾਹਰੀ ਅਤੇ ਅੰਦਰੂਨੀ ਲੋਕ ਘਬਰਾਉਣ ਲੱਗ ਪਏ ਹਨ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਪ੍ਰੋਗਰਾਮਾਂ ਵਿੱਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਹ ਗੱਲ ਆਪਣੇ ਆਪ ਵਿੱਚ ਇਨ੍ਹਾਂ ਪ੍ਰੋਗਰਾਮਾਂ ਦੀ ਸਫ਼ਲਤਾ ਦਾ ਸਬੂਤ ਹੈ, ਕਿਉਂਕਿ ਵਿਰੋਧੀ ਇਨ੍ਹਾਂ ਤੋਂ ਘਬਰਾਏ ਹੋਏ ਹਨ।
ਲੋਕਾਂ ਨੂੰ ਮਾਨ ਸਰਕਾਰ ਨੂੰ ਜੜ੍ਹੋਂ ਪੁੱਟ ਕੇ ਸੱਤਾ ਤੋਂ ਬਾਹਰ ਕਰਨ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਆਪਣੇ ਆਪ ਨੂੰ ਪੰਜਾਬ ਦੇ ਹੁਣ ਤੱਕ ਦੇ ਸਭ ਤੋਂ ਮਾੜੇ ਮੁੱਖ ਮੰਤਰੀ ਵਜੋਂ ਸਾਬਿਤ ਕਰ ਦਿੱਤਾ ਹੈ। ਉਨ੍ਹਾਂ ਸੂਬੇ ਦੀ ਵਿਗੜ ਰਹੀ ਕਾਨੂੰਨ-ਵਿਵਸਥਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੈਂਗਸਟਰ ਸੱਭਿਆਚਾਰ ਸਿਖਰ ’ਤੇ ਹੈ, ਬਦਅਮਨੀ ਸਿਖਰ ’ਤੇ ਹੈ ਅਤੇ ਨਸ਼ਿਆਂ ਦੀ ਸਮੱਸਿਆ ਸਭ ਤੋਂ ਭਿਆਨਕ ਪੱਧਰ ’ਤੇ ਪਹੁੰਚ ਚੁੱਕੀ ਹੈ।
ਵੜਿੰਗ ਨੇ ਮਾਨ ਸਰਕਾਰ ਵੱਲੋਂ ਪੁਲਿਸ ਬਲ ਦੀ ਕਥਿਤ ਦੁਰਵਰਤੋਂ ਕਰਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ, ਮਨਰੇਗਾ ਵਰਕਰਾਂ, ਸਫ਼ਾਈ ਕਰਮਚਾਰੀਆਂ, ਕਿਸਾਨਾਂ ਅਤੇ ਸਰਕਾਰੀ ਮੁਲਾਜ਼ਮਾਂ ਨਾਲ ਕੀਤੀ ਜਾ ਰਹੀ ਸਖ਼ਤੀ ਦੀ ਵੀ ਨਿੰਦਾ ਕੀਤੀ।
ਇਸ ਮੌਕੇ ਰਵਿੰਦਰ ਦਲਵੀ, ਹਰੀ ਸਿੰਘ ਖਹਿਰਾ, ਕੁਲਬੀਰ ਜ਼ੀਰਾ, ਮਾਲਵਿਕਾ ਸੂਦ, ਮਾਲਤੀ ਥਾਪਰ ਅਤੇ ਹੋਰ ਆਗੂ ਤੇ ਵਰਕਰ ਹਾਜ਼ਰ ਸਨ।
Get all latest content delivered to your email a few times a month.