ਤਾਜਾ ਖਬਰਾਂ
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਬਖ਼ਸ਼ੇ ਮੀਰੀ-ਪੀਰੀ ਦੇ ਮਹਾਨ ਫ਼ਲਸਫ਼ੇ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਪੰਥਕ ਰਵਾਇਤਾਂ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਸ਼ੁਰੂ ਕੀਤਾ ਗਿਆ 'ਮੀਰੀ-ਪੀਰੀ ਖ਼ਾਲਸਾ ਮਾਰਚ' ਬੀਤੀ ਦੇਰ ਰਾਤ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੀ ਪਾਵਨ ਧਰਤੀ 'ਤੇ ਪੂਰਨ ਚੜ੍ਹਦੀ ਕਲਾ ਅਤੇ ਵਿਸ਼ਾਲ ਇਕੱਠ ਨਾਲ ਸੰਪੂਰਨ ਹੋ ਗਿਆ। 12 ਦਿਨਾਂ ਦੇ ਇਸ ਮਾਰਚ ਦੌਰਾਨ ਮਾਝੇ ਅਤੇ ਮਾਲਵੇ ਦੇ ਸ਼ਹਿਰਾਂ-ਪਿੰਡਾਂ ਵਿੱਚੋਂ ਲੰਘਦਿਆਂ ਲੱਖਾਂ ਦੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਆਪਣੀ ਅਥਾਹ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਮਾਰਚ ਦੀ ਸਮਾਪਤੀ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੀਰੀ-ਪੀਰੀ ਦਾ ਸਿਧਾਂਤ ਅਮਰ ਹੈ ਅਤੇ ਸਿੱਖ ਕੌਮ ਨੇ ਹਰ ਔਖੀ ਘੜੀ 'ਚ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਸਿਰ-ਮੱਥੇ ਮੰਨਿਆ ਹੈ।
ਪੰਥ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣ ਦੀ ਅਪੀਲ: ਜਥੇਦਾਰ ਸਾਹਿਬ ਨੇ ਆਖਿਆ ਕਿ ਅੱਜ ਵੀ ਕਈ ਸ਼ਕਤੀਆਂ ਸਿੱਖ ਸੰਸਥਾਵਾਂ ਦੀ ਮਰਯਾਦਾ ਨੂੰ ਢਾਹ ਲਾਉਣ, ਪੰਥਕ ਫ਼ੈਸਲਿਆਂ ਨੂੰ ਵਿਵਾਦਾਂ 'ਚ ਘੇਰਨ ਅਤੇ ਸੰਗਤ 'ਚ ਫੁੱਟ ਪਾਉਣ ਦੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ। ਉਨ੍ਹਾਂ ਸੰਗਤ ਨੂੰ ਅਜਿਹੇ ਭਰਮ-ਭੁਲੇਖਿਆਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਾਰਚ ਵਿੱਚ ਸ਼ਾਮਲ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਾਰਚ ਨੂੰ ਮਿਲੇ ਅਥਾਹ ਹੁੰਗਾਰੇ ਨੇ ਉਨ੍ਹਾਂ ਲੋਕਾਂ ਨੂੰ ਠੋਕਵਾਂ ਜਵਾਬ ਦਿੱਤਾ ਹੈ ਜੋ ਸਿੱਖ ਸੰਸਥਾਵਾਂ 'ਤੇ ਸਵਾਲ ਚੁੱਕ ਰਹੇ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖ ਧਰਮ ਦੇ ਫ਼ੈਸਲੇ ਅਤੇ ਮਰਯਾਦਾ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਹੀ ਤੈਅ ਹੁੰਦੇ ਹਨ, ਕਿਸੇ ਸਿਆਸੀ ਮੰਚ ਜਾਂ ਵਿਅਕਤੀਗਤ ਵਿਚਾਰਾਂ ਦੇ ਆਧਾਰ 'ਤੇ ਨਹੀਂ।
ਸਮਾਪਤੀ ਸਮੇਂ ਹਾਥੀਆਂ ਅਤੇ ਘੋੜਿਆਂ ਸਮੇਤ ਸ਼ਾਮਲ ਹੋਏ ਨਿਹੰਗ ਸਿੰਘਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪੂਰੇ ਮਾਹੌਲ 'ਚ ਸੰਗਤਾਂ ਅੰਦਰ ਅਪਾਰ ਉਤਸ਼ਾਹ ਭਰਿਆ।
ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ, ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਤਜਿੰਦਰ ਸਿੰਘ ਮਿੱਡੂਖੇੜਾ, ਐੱਸ.ਜੀ.ਪੀ.ਸੀ. ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਅੰਤ੍ਰਿੰਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਸਮੇਤ ਵੱਡੀ ਗਿਣਤੀ 'ਚ ਧਾਰਮਿਕ, ਸਿਆਸੀ ਅਤੇ ਸਮਾਜਿਕ ਸ਼ਖ਼ਸੀਅਤਾਂ ਮੌਜੂਦ ਸਨ।
Get all latest content delivered to your email a few times a month.