ਤਾਜਾ ਖਬਰਾਂ
ਸਾਈਬਰ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਇੱਕ ਵੱਡੇ ਅੰਤਰਰਾਸ਼ਟਰੀ ਸਿੰਡੀਕੇਟ 'ਤੇ ਸ਼ਿਕੰਜਾ ਕੱਸਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਜਲੰਧਰ ਖੇਤਰੀ ਦਫ਼ਤਰ ਨੇ 187.13 ਕਰੋੜ ਰੁਪਏ ਦੀਆਂ ਚੱਲ-ਅਚੱਲ ਜਾਇਦਾਦਾਂ ਜ਼ਬਤ ਕੀਤੀਆਂ ਹਨ। ਜਾਂਚ 'ਚ ਖ਼ੁਲਾਸਾ ਹੋਇਆ ਹੈ ਕਿ ਜਲੰਧਰ ਤੋਂ ਚੱਲ ਰਹੇ ਇੱਕ ਗੈਰ-ਕਾਨੂੰਨੀ ਕਾਲ ਸੈਂਟਰ ਰਾਹੀਂ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਜਾ ਰਹੀ ਸੀ।
ਇਹ ਪੂਰੀ ਕਾਰਵਾਈ ਅਮਰੀਕੀ ਜਾਂਚ ਏਜੰਸੀ FBI ਵੱਲੋਂ ਸਾਂਝੀ ਕੀਤੀ ਗਈ ਖ਼ੁਫ਼ੀਆ ਜਾਣਕਾਰੀ ਅਤੇ ਸਾਲ 2023 'ਚ CBI ਵੱਲੋਂ ਦਰਜ ਕੀਤੀ ਗਈ FIR ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ।
ED ਅਨੁਸਾਰ ਠੱਗੀ ਦੀ ਕਮਾਈ ਪਹਿਲਾਂ ਕ੍ਰਿਪਟੋਕਰੰਸੀ ਵਾਲੇਟਾਂ 'ਚ ਟਰਾਂਸਫਰ ਕੀਤੀ ਜਾਂਦੀ ਸੀ। ਇਸ ਤੋਂ ਬਾਅਦ ਫ਼ਰਜ਼ੀ (ਸ਼ੈੱਲ) ਕੰਪਨੀਆਂ ਦੇ ਜਾਲ ਰਾਹੀਂ ਇਸ ਕਾਲੇ ਧਨ ਨੂੰ ਦਿੱਲੀ, ਹਰਿਆਣਾ ਅਤੇ ਗੋਆ 'ਚ ਆਲੀਸ਼ਾਨ ਫਲੈਟ, ਵਿਲਾ ਅਤੇ ਫਾਰਮ ਹਾਊਸ ਖਰੀਦਣ ਲਈ ਨਿਵੇਸ਼ ਕੀਤਾ ਜਾਂਦਾ ਸੀ।
ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਤਹਿਤ ਜਾਂਚ ਨੂੰ ਅੱਗੇ ਵਧਾਉਂਦਿਆਂ ED ਨੇ ਪੰਜਾਬ, ਹਰਿਆਣਾ ਅਤੇ ਦਿੱਲੀ 'ਚ 13 ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ 34 ਲੱਖ ਰੁਪਏ ਦੀ ਨਕਦੀ, ਡਿਜੀਟਲ ਡਿਵਾਈਸਾਂ ਅਤੇ ਜਾਇਦਾਦਾਂ ਦੇ ਅਹਿਮ ਦਸਤਾਵੇਜ਼ ਬਰਾਮਦ ਕੀਤੇ ਸਨ।
ਏਜੰਸੀ ਨੇ ਜਾਨੀ ਤਿਆਗੀ, ਦਕਸ਼ਯ ਸੇਠੀ, ਰਾਘਵ, ਸਤੀਸ਼, ਨਿਖਿਲ ਵਰਮਾ, ਗੌਰਵ ਵਰਮਾ ਅਤੇ ਗੌਤਮ ਡਾਂਗੜਾ ਸਮੇਤ ਕਈ ਮੁੱਖ ਆਰੋਪੀਆਂ ਦੀ ਸ਼ਮੂਲੀਅਤ ਦੇ ਪੁਖ਼ਤਾ ਸਬੂਤ ਜੁਟਾ ਕੇ 187.13 ਕਰੋੜ ਰੁਪਏ ਦੀਆਂ ਸੰਪਤੀਆਂ ਨੂੰ ਅਸਥਾਈ ਤੌਰ 'ਤੇ ਜ਼ਬਤ (Attach) ਕਰ ਲਿਆ ਹੈ।
Get all latest content delivered to your email a few times a month.