ਤਾਜਾ ਖਬਰਾਂ
ਆਮ ਆਦਮੀ ਪਾਰਟੀ (AAP) ਦੇ ਫ਼ਾਜ਼ਿਲਕਾ ਜ਼ਿਲ੍ਹਾ ਮੀਡੀਆ ਇੰਚਾਰਜ ਅਤੇ ਅਬੋਹਰ ਕਲੱਬ ਦੇ ਪ੍ਰਧਾਨ ਐਡਵੋਕੇਟ ਅਰਵਿੰਦ ਬਜਾਜ ਗੰਭੀਰ ਵਿਵਾਦਾਂ 'ਚ ਘਿਰ ਗਏ ਹਨ। ਉਨ੍ਹਾਂ ਦੀ ਹੀ ਇੱਕ ਜੂਨੀਅਰ ਮਹਿਲਾ ਵਕੀਲ ਵੱਲੋਂ ਲਗਾਏ ਗਏ ਬਲਾਤਕਾਰ, ਧਮਕਾਉਣ ਅਤੇ ਗੋਲੀ ਚਲਾਉਣ ਦੇ ਦੋਸ਼ਾਂ ਦੇ ਆਧਾਰ 'ਤੇ ਥਾਣਾ ਸਿਟੀ-1 ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਰਾਜਨੀਤਿਕ ਅਤੇ ਕਾਨੂੰਨੀ ਹਲਕਿਆਂ 'ਚ ਭਾਰੀ ਚਰਚਾ ਛਿੜ ਗਈ ਹੈ।
ਸ਼ਿਕਾਇਤਕਰਤਾ ਮਹਿਲਾ ਵਕੀਲ ਅਨੁਸਾਰ, ਉਸ ਦਾ ਆਪਣੇ ਪਤੀ ਨਾਲ ਅਦਾਲਤੀ ਕੇਸ ਚੱਲ ਰਿਹਾ ਸੀ। ਆਰੋਪ ਹੈ ਕਿ ਅਰਵਿੰਦ ਬਜਾਜ ਨੇ ਆਪਣੀ ਉੱਚ ਸਿਆਸੀ ਪਹੁੰਚ ਦਾ ਹਵਾਲਾ ਦਿੰਦਿਆਂ ਕੇਸ ਉਸ ਦੇ ਹੱਕ ਵਿੱਚ ਕਰਵਾਉਣ ਅਤੇ ਉਸ ਦੀ ਧੀ ਨੂੰ ਬੈਂਕ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ।
ਚੈਂਬਰ 'ਚ ਅਣਉਚਿਤ ਹਰਕਤਾਂ: ਪੀੜਤਾ ਨੇ ਦੋਸ਼ ਲਾਇਆ ਕਿ ਇਸੇ ਭਰੋਸੇ ਦੀ ਆੜ ਹੇਠ ਬਜਾਜ ਚੈਂਬਰ 'ਚ ਕੰਮ ਦੌਰਾਨ ਉਸ ਨਾਲ ਲਗਾਤਾਰ ਅਣਉਚਿਤ ਹਰਕਤਾਂ ਕਰਦੇ ਸਨ, ਜਿਸ ਦਾ ਉਸ ਨੇ ਵਿਰੋਧ ਵੀ ਕੀਤਾ ਸੀ।
ਸ਼ਿਕਾਇਤ 'ਚ ਦੱਸਿਆ ਗਿਆ ਕਿ 29 ਮਈ 2026 ਨੂੰ ਮੁਲਜ਼ਮ ਉਸ ਨੂੰ ਕੇਸ ਦੀਆਂ ਫ਼ਾਈਲਾਂ ਅਤੇ ਕਾਨੂੰਨੀ ਕਿਤਾਬਾਂ ਦਿਖਾਉਣ ਦੇ ਬਹਾਨੇ ਆਪਣੇ ਘਰ ਲੈ ਗਿਆ। ਉਸ ਵੇਲੇ ਘਰ 'ਚ ਕੋਈ ਹੋਰ ਮੌਜੂਦ ਨਹੀਂ ਸੀ, ਜਿੱਥੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਉਸ ਨਾਲ ਜ਼ਬਰ-ਜਨਾਹ ਕੀਤਾ ਗਿਆ।
ਧਮਕੀਆਂ ਅਤੇ ਗੋਲੀ ਚਲਾਉਣ ਦੇ ਦੋਸ਼: ਪੀੜਤਾ ਅਨੁਸਾਰ ਘਟਨਾ ਤੋਂ ਬਾਅਦ ਉਸ ਨੂੰ ਮੂੰਹ ਬੰਦ ਰੱਖਣ ਲਈ ਡਰਾਇਆ-ਧਮਕਾਇਆ ਗਿਆ। ਇੱਥੋਂ ਤੱਕ ਕਿ ਮੁਲਜ਼ਮ ਵੱਲੋਂ ਉਸ 'ਤੇ ਗੋਲੀ ਚਲਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।
ਮਹਿਲਾ ਵਕੀਲ ਦੀ ਲਿਖਤੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਥਾਣਾ ਸਿਟੀ-1 ਪੁਲਿਸ ਨੇ ਐਡਵੋਕੇਟ ਅਰਵਿੰਦ ਬਜਾਜ ਖ਼ਿਲਾਫ਼ ਭਾਰਤੀ ਨਿਆਇ ਸੰਹਿਤਾ (BNS) ਦੀ ਧਾਰਾ 64(2) ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Get all latest content delivered to your email a few times a month.