IMG-LOGO
ਹੋਮ ਪੰਜਾਬ: ਪੰਜਾਬ ਕਾਂਗਰਸ 'ਚ ਫੁੱਟ ਹੋਈ ਜੱਗ ਜਾਹਰ: ਚੰਨੀ ਤੇ ਰਾਜਾ...

ਪੰਜਾਬ ਕਾਂਗਰਸ 'ਚ ਫੁੱਟ ਹੋਈ ਜੱਗ ਜਾਹਰ: ਚੰਨੀ ਤੇ ਰਾਜਾ ਵੜਿੰਗ ਦੇ ਸਮਰਥਕਾਂ ਵਿਚਾਲੇ 'ਪੋਸਟਰ ਵਾਰ'; ਅੰਮ੍ਰਿਤਸਰ ਤੋਂ ਫਿਰੋਜ਼ਪੁਰ ਤੱਕ ਲੱਗੇ ਵਿਵਾਦਿਤ ਪੋਸਟਰ

Admin User - Aug 05, 2026 10:23 AM
IMG

ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਹੁਣ ਸ਼ਰੇਆਮ ਸੜਕਾਂ 'ਤੇ ਆ ਗਿਆ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਮਰਥਕਾਂ ਵਿਚਾਲੇ ਛਿੜੀ 'ਪੋਸਟਰ ਜੰਗ' ਨੇ ਪਾਰਟੀ ਅੰਦਰਲੀ ਵੱਡੀ ਫੁੱਟ ਨੂੰ ਉਜਾਗਰ ਕਰ ਦਿੱਤਾ ਹੈ। ਅੰਮ੍ਰਿਤਸਰ ਦੇ ਪਾਸ਼ ਇਲਾਕੇ ਲਾਰੈਂਸ ਰੋਡ ਸਥਿਤ ਕੰਪਨੀ ਬਾਗ਼ ਵਿੱਚ ਚੰਨੀ ਵਿਰੁੱਧ ਲੱਗੇ ਤਿੱਖੇ ਪੋਸਟਰਾਂ ਨੇ ਸਿਆਸੀ ਪਾਰਾ ਚੜ੍ਹਾ ਦਿੱਤਾ ਹੈ।


ਅੰਮ੍ਰਿਤਸਰ 'ਚ ਲਗਾਏ ਗਏ ਪੋਸਟਰਾਂ ਪਿੱਛੇ ਰਾਜਾ ਵੜਿੰਗ ਸਮਰਥਕਾਂ ਦਾ ਹੱਥ ਦੱਸਿਆ ਜਾ ਰਿਹਾ ਹੈ। ਇਨ੍ਹਾਂ ਪੋਸਟਰਾਂ 'ਚ ਪਾਰਟੀ ਹਾਈਕਮਾਂਡ ਨੂੰ ਸਿੱਧੀ ਅਪੀਲ ਕਰਦਿਆਂ ਲਿਖਿਆ ਗਿਆ ਹੈ:


  • "ਰਾਹੁਲ ਗਾਂਧੀ ਨੂੰ ਇੱਕੋ ਪੁਕਾਰ, ਚੰਨੀ ਨੂੰ ਕਰੋ ਕਾਂਗਰਸ 'ਚੋਂ ਬਾਹਰ"


  • "ਸਾਹਮਣੇ ਆਓ ਚੰਨੀ ਜੀ, ਤੁਸੀਂ ਭਾਜਪਾ ਦੀ ਕਿਉਂ ਮੰਨੀ ਜੀ"


ਇਹ ਪੋਸਟਰ ਵਾਰ ਸਿਰਫ਼ ਅੰਮ੍ਰਿਤਸਰ ਤੱਕ ਸੀਮਤ ਨਹੀਂ ਹੈ। ਇਸ ਤੋਂ ਪਹਿਲਾਂ ਫਿਰੋਜ਼ਪੁਰ ਅਤੇ ਮੁਕਤਸਰ ਦੀਆਂ ਸੜਕਾਂ 'ਚ ਵੀ ਅਜਿਹੀ ਹੀ ਖ਼ਿੱਚੋਤਾਣ ਦੇਖਣ ਨੂੰ ਮਿਲੀ:


  • RSS ਦੇ ਰੂਪ 'ਚ ਚੰਨੀ: ਫਿਰੋਜ਼ਪੁਰ 'ਚ ਚਰਨਜੀਤ ਸਿੰਘ ਚੰਨੀ ਦੀ ਤਸਵੀਰ ਨੂੰ ਆਰ.ਐੱਸ.ਐੱਸ. (RSS) ਦੀ ਟੀ-ਸ਼ਰਟ 'ਚ ਦਿਖਾਉਂਦਿਆਂ "ਚੰਨੀ ਭਜਾਓ, ਕਾਂਗਰਸ ਬਚਾਓ" ਦੇ ਨਾਅਰੇ ਵਾਲੇ ਪੋਸਟਰ ਲਗਾਏ ਗਏ।


  • ਬਘੇਲ ਵਿਰੁੱਧ ਪ੍ਰਦਰਸ਼ਨ: ਮੁਕਤਸਰ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੂੰ ਅੰਗਰੇਜ਼ ਅਫ਼ਸਰ ਦੀ ਵਰਦੀ 'ਚ ਦਰਸਾ ਕੇ "Go Back Baghel" ਦੇ ਪੋਸਟਰ ਲਗਾਏ ਗਏ, ਜੋ ਕਿ ਸਾਈਮਨ ਕਮਿਸ਼ਨ ਦੇ ਵਿਰੋਧ ਦੀ ਤਰਜ਼ 'ਤੇ ਤਿਆਰ ਕੀਤੇ ਗਏ ਸਨ।


ਦੂਜੇ ਪਾਸੇ, ਚੰਨੀ ਸਮਰਥਕਾਂ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਨਵੇਂ ਨਾਅਰਿਆਂ ਵਾਲੇ ਪੋਸਟਰ ਲਗਾਏ ਹਨ। ਇੱਕ ਪੋਸਟਰ 'ਚ "ਰਾਜਾ-ਬਘੇਲ ਹਟਾਓ, ਕਾਂਗਰਸ ਬਚਾਓ" ਲਿਖਿਆ ਗਿਆ, ਜਦਕਿ ਦੂਜੇ ਪੋਸਟਰ ਵਿੱਚ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਗਈ ਹੈ ਕਿ "ਲਿਆਓ ਚੰਨੀ, ਬਣਾਈਏ ਕਾਂਗਰਸ ਦੀ ਸਰਕਾਰ"।


ਪੰਜਾਬ ਦੌਰੇ 'ਤੇ ਆਏ ਪਾਰਟੀ ਇੰਚਾਰਜ ਭੂਪੇਸ਼ ਬਘੇਲ ਵੱਲੋਂ ਚੰਨੀ ਨਾਲ ਮੁਲਾਕਾਤ ਨਾ ਕਰਨ ਅਤੇ ਚੰਨੀ ਵੱਲੋਂ ਪਾਰਟੀ ਦੇ ਪ੍ਰੋਗਰਾਮਾਂ ਤੋਂ ਬਣਾਏ ਫਾਸਲੇ ਨੇ ਇਨ੍ਹਾਂ ਅਟਕਲਾਂ ਨੂੰ ਹੋਰ ਹਵਾ ਦਿੱਤੀ ਹੈ। ਅੰਦਰੂਨੀ ਸੂਤਰਾਂ ਅਨੁਸਾਰ ਚੰਨੀ ਅਤੇ ਪੰਜਾਬ ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਵਿਚਾਲੇ ਚੱਲ ਰਹੀ ਇਹ ਖਿੱਚੋਤਾਣ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਲਈ ਵੱਡੀ ਚੁਣੌਤੀ ਬਣ ਸਕਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.