IMG-LOGO
ਹੋਮ ਪੰਜਾਬ, ਰਾਸ਼ਟਰੀ, ਖੇਡਾਂ, ਕਾਮਨਵੈਲਥ ਗੇਮਜ਼ ਦੇ ਸਿਲਵਰ ਮੈਡਲਿਸਟ ਲਵਪ੍ਰੀਤ ਸਿੰਘ ਦਾ ਅੰਮ੍ਰਿਤਸਰ ਪਹੁੰਚਣ...

ਕਾਮਨਵੈਲਥ ਗੇਮਜ਼ ਦੇ ਸਿਲਵਰ ਮੈਡਲਿਸਟ ਲਵਪ੍ਰੀਤ ਸਿੰਘ ਦਾ ਅੰਮ੍ਰਿਤਸਰ ਪਹੁੰਚਣ 'ਤੇ ਭਰਵਾਂ ਸਵਾਗਤ, ਹੁਣ ਏਸ਼ੀਅਨ ਗੇਮਜ਼ 'ਚ ਗੋਲਡ ਜਿੱਤਣ ਦਾ ਟੀਚਾ

Admin User - Aug 04, 2026 05:58 PM
IMG

ਪੰਜਾਬ ਦੇ ਹੋਣਹਾਰ ਵੇਟਲਿਫਟਰ ਅਤੇ ਕਾਮਨਵੈਲਥ ਗੇਮਜ਼ 2026 ਦੇ ਚਾਂਦੀ ਤਗਮਾ ਜੇਤੂ ਲਵਪ੍ਰੀਤ ਸਿੰਘ ਦਾ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਜਿਵੇਂ ਹੀ ਲਵਪ੍ਰੀਤ ਹਵਾਈ ਅੱਡੇ ਤੋਂ ਬਾਹਰ ਆਏ, ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਪਿੰਡ ਬੱਲ ਸਚੰਦਰ ਦੇ ਵਸਨੀਕਾਂ ਅਤੇ ਖੇਡ ਪ੍ਰੇਮੀਆਂ ਨੇ ਢੋਲ-ਨਗਾੜਿਆਂ ਦੀਆਂ ਧੁਨਾਂ 'ਤੇ ਭੰਗੜਾ ਪਾ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਫੁੱਲਾਂ ਦੇ ਹਾਰ ਪਾ ਕੇ, ਮਿਠਾਈਆਂ ਵੰਡ ਕੇ ਅਤੇ ਦੇਸ਼ਭਗਤੀ ਦੇ ਨਾਅਰਿਆਂ ਨਾਲ ਉਨ੍ਹਾਂ ਦੀ ਇਤਿਹਾਸਕ ਉਪਲਬਧੀ ਦਾ ਜਸ਼ਨ ਮਨਾਇਆ ਗਿਆ।

ਭਾਰਤੀ ਨੇਵੀ ਵਿੱਚ ਸੇਵਾ ਨਿਭਾ ਰਹੇ ਲਵਪ੍ਰੀਤ ਸਿੰਘ ਨੇ ਕਾਮਨਵੈਲਥ ਗੇਮਜ਼ ਵਿੱਚ ਸਿਲਵਰ ਮੈਡਲ ਜਿੱਤ ਕੇ ਭਾਰਤ ਅਤੇ ਪੰਜਾਬ ਦਾ ਨਾਮ ਵਿਸ਼ਵ ਪੱਧਰ 'ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਇਸ ਕਾਮਯਾਬੀ ਨਾਲ ਨਾ ਸਿਰਫ਼ ਪਰਿਵਾਰ, ਸਗੋਂ ਪੂਰੇ ਪਿੰਡ ਅਤੇ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਇਸ ਮੌਕੇ ਪਿੰਡ ਬੱਲ ਸਚੰਦਰ ਦੇ ਸਰਪੰਚ ਜੁਗਰਾਜ ਸਿੰਘ ਨੇ ਕਿਹਾ ਕਿ ਲਵਪ੍ਰੀਤ ਸਿੰਘ ਨੇ ਆਪਣੇ ਪਿੰਡ, ਜ਼ਿਲ੍ਹੇ, ਪੰਜਾਬ ਅਤੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲਵਪ੍ਰੀਤ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਹੈ। ਸਰਪੰਚ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਕਿਸੇ ਗਰੀਬ ਪਰਿਵਾਰ ਦਾ ਪ੍ਰਤਿਭਾਸ਼ਾਲੀ ਖਿਡਾਰੀ ਆਰਥਿਕ ਤੰਗੀ ਕਾਰਨ ਅੱਗੇ ਨਹੀਂ ਵਧ ਸਕਦਾ, ਤਾਂ ਉਹ ਉਸ ਦੀ ਹਰ ਸੰਭਵ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ।

ਲਵਪ੍ਰੀਤ ਸਿੰਘ ਦੇ ਕੋਚ ਹੀਰਾ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਨੇ ਇਸ ਮੈਡਲ ਲਈ ਸਾਲਾਂ ਤੱਕ ਸਖ਼ਤ ਮਿਹਨਤ ਕੀਤੀ ਹੈ। ਉਹ ਪਿਛਲੇ ਡੇਢ ਸਾਲ ਤੋਂ ਆਪਣੇ ਘਰ ਵੀ ਨਹੀਂ ਗਏ ਅਤੇ ਪੂਰਾ ਧਿਆਨ ਸਿਰਫ਼ ਟ੍ਰੇਨਿੰਗ 'ਤੇ ਰੱਖਿਆ। ਉਨ੍ਹਾਂ ਕਿਹਾ ਕਿ ਸਿਰਫ਼ ਇੱਕ ਕਿਲੋਗ੍ਰਾਮ ਦੇ ਫਰਕ ਨਾਲ ਗੋਲਡ ਮੈਡਲ ਹੱਥੋਂ ਨਿਕਲ ਗਿਆ, ਪਰ ਸਿਲਵਰ ਮੈਡਲ ਵੀ ਦੇਸ਼ ਲਈ ਵੱਡੀ ਉਪਲਬਧੀ ਹੈ। ਕੋਚ ਮੁਤਾਬਕ ਲਵਪ੍ਰੀਤ ਨੇ 13 ਸਾਲ ਦੀ ਉਮਰ ਵਿੱਚ ਵੇਟਲਿਫਟਿੰਗ ਸ਼ੁਰੂ ਕੀਤੀ ਸੀ ਅਤੇ ਅੱਜ ਉਸ ਦੀ ਲਗਨ ਦਾ ਨਤੀਜਾ ਪੂਰੇ ਦੇਸ਼ ਦੇ ਸਾਹਮਣੇ ਹੈ।

ਆਪਣੇ ਸਵਾਗਤ ਤੋਂ ਭਾਵੁਕ ਹੋਏ ਲਵਪ੍ਰੀਤ ਸਿੰਘ ਨੇ ਕਿਹਾ ਕਿ ਇਹ ਤਗਮਾ ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਪਰਿਵਾਰ ਦੇ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਮੰਨਿਆ ਕਿ ਗੋਲਡ ਮੈਡਲ ਨਾ ਜਿੱਤ ਸਕਣ ਦਾ ਥੋੜ੍ਹਾ ਅਫ਼ਸੋਸ ਜ਼ਰੂਰ ਹੈ, ਪਰ ਹੁਣ ਉਹ ਇਸ ਨੂੰ ਪ੍ਰੇਰਣਾ ਬਣਾਕੇ ਏਸ਼ੀਅਨ ਗੇਮਜ਼ ਵਿੱਚ ਗੋਲਡ ਮੈਡਲ ਜਿੱਤਣ ਲਈ ਹੋਰ ਮਿਹਨਤ ਕਰਨਗੇ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਉਹ ਪਟਿਆਲਾ ਅਤੇ ਮੋਦੀ ਨਗਰ ਵਿੱਚ ਲਗਾਤਾਰ ਟ੍ਰੇਨਿੰਗ ਕਰ ਰਹੇ ਸਨ ਅਤੇ ਮੈਡਲ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਨਾਲ ਗੱਲ ਕਰਕੇ ਵਧਾਈ ਦਿੱਤੀ।

ਲਵਪ੍ਰੀਤ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਆਪਣੇ ਗ੍ਰਹਿ ਰਾਜ ਵਿੱਚ ਵੀ ਉੱਚ ਅਹੁਦੇ 'ਤੇ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਅਤੇ ਸਿੱਖਿਆ ਨਾਲ ਜੁੜਨ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਮਿਹਨਤ ਅਤੇ ਸਮਰਪਣ ਨਾਲ ਹਰ ਟੀਚਾ ਹਾਸਲ ਕੀਤਾ ਜਾ ਸਕਦਾ ਹੈ।

ਲਵਪ੍ਰੀਤ ਦੇ ਭਰਾ ਸਾਹਿਬ ਸਿੰਘ ਨੇ ਦੱਸਿਆ ਕਿ 2022 ਵਿੱਚ ਲਵਪ੍ਰੀਤ ਨੇ ਕਾਮਨਵੈਲਥ ਗੇਮਜ਼ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ, ਜਦਕਿ ਇਸ ਵਾਰ ਸਿਲਵਰ ਮੈਡਲ ਹਾਸਲ ਕਰਕੇ ਉਸ ਨੇ ਆਪਣਾ ਪ੍ਰਦਰਸ਼ਨ ਹੋਰ ਬਿਹਤਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੂਰੇ ਪਰਿਵਾਰ ਨੂੰ ਭਰੋਸਾ ਹੈ ਕਿ ਲਵਪ੍ਰੀਤ ਆਉਣ ਵਾਲੇ ਸਮੇਂ ਵਿੱਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਮ ਹੋਰ ਉੱਚਾ ਕਰੇਗਾ। ਅੰਮ੍ਰਿਤਸਰ ਹਵਾਈ ਅੱਡੇ 'ਤੇ ਢੋਲ, ਭੰਗੜੇ, ਮਿਠਾਈਆਂ ਅਤੇ ਦੇਸ਼ਭਗਤੀ ਦੇ ਨਾਅਰਿਆਂ ਦਰਮਿਆਨ ਮਨਾਇਆ ਗਿਆ ਇਹ ਸਵਾਗਤ ਸਮਾਗਮ ਹਰ ਕਿਸੇ ਲਈ ਯਾਦਗਾਰ ਬਣ ਗਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.