ਤਾਜਾ ਖਬਰਾਂ
ਜਲੰਧਰ ਦੇ ਸਿਵਲ ਹਸਪਤਾਲ ਦੇ ਨਿੱਕੂ (NICU) ਵਾਰਡ ਵਿੱਚ ਮੰਗਲਵਾਰ ਤੜਕੇ ਕਰੀਬ 5 ਵਜੇ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਵਾਰਡ ਵਿੱਚ ਲੱਗੇ ਏਅਰ ਕੰਡੀਸ਼ਨਰ (AC) ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਘਟਨਾ ਦੇ ਸਮੇਂ ਵਾਰਡ ਵਿੱਚ 4 ਨਵਜੰਮੇ ਬੈਚੇ ਦਾਖ਼ਲ ਸਨ। ਹਸਪਤਾਲ ਦੇ ਸੁਰੱਖਿਆ ਅਮਲੇ ਨੇ ਸਮੇਂ ਸਿਰ ਮੁਸਤੈਦੀ ਦਿਖਾਉਂਦਿਆਂ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢ ਲਿਆ, ਜਿਸ ਨਾਲ ਇੱਕ ਵੱਡਾ ਜਾਨੀ ਹਾਦਸਾ ਟਲ ਗਿਆ।
ਪ੍ਰਤੱਖਦਰਸ਼ੀਆਂ ਅਤੇ ਸ਼ੁਰੂਆਤੀ ਜਾਣਕਾਰੀ ਅਨੁਸਾਰ ਭਾਰੀ ਗਰਮੀ ਕਾਰਨ ਏਸੀ ਜ਼ਿਆਦਾ ਗਰਮ (Overheat) ਹੋ ਗਿਆ ਸੀ, ਜਿਸ ਤੋਂ ਬਾਅਦ ਸ਼ਾਰਟ ਸਰਕਿਟ ਹੋਣ ਨਾਲ ਅੱਗ ਭੜਕ ਉੱਠੀ। ਦੇਖਦਿਆਂ ਹੀ ਦੇਖਦਿਆਂ ਏਸੀ ਵਿੱਚੋਂ ਕਾਲੇ ਧੂੰਏਂ ਦੇ ਗੁਬਾਰ ਨਿਕਲਣ ਲੱਗੇ ਅਤੇ ਅੱਗ ਦੀਆਂ ਲਪਟਾਂ ਨੇ ਨੇੜੇ ਪਏ ਸਮਾਨ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਵਾਰਡ ਵਿੱਚ ਸੰਘਣਾ ਤੇ ਜ਼ਹਿਰੀਲਾ ਧੂੰਆਂ ਫੈਲਣ ਨਾਲ ਮਰੀਜ਼ਾਂ ਅਤੇ ਅਮਲੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ। ਫਾਇਰ ਫਾਈਟਰਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ ਅਤੇ ਵਾਰਡ 'ਚ ਫੈਲੇ ਧੂੰਏਂ ਨੂੰ ਬਾਹਰ ਕੱਢਿਆ।
ਫਾਇਰ ਅਧਿਕਾਰੀਆਂ ਅਨੁਸਾਰ ਅੱਗ ਇੰਨੀ ਭਿਆਨਕ ਸੀ ਕਿ ਇੱਕ ਏਸੀ ਤੋਂ ਬਾਅਦ ਦੂਜੇ ਏਸੀ ਅਤੇ ਪੂਰੇ ਕਮਰੇ ਦੀ ਬਿਜਲੀ ਵਾਇਰਿੰਗ ਸੜ ਕੇ ਸੁਆਹ ਹੋ ਗਈ। ਕਮਰੇ ਦੀਆਂ ਕੰਧਾਂ ਕਾਲੀਆਂ ਪੈ ਗਈਆਂ ਅਤੇ ਬੈੱਡ, ਗੱਦੇ ਤੇ ਹੋਰ ਮੈਡੀਕਲ ਉਪਕਰਨ ਸੜ ਗਏ।
ਹਸਪਤਾਲ ਦੇ ਸੁਰੱਖਿਆ ਇੰਚਾਰਜ ਨੇ ਦੱਸਿਆ ਕਿ ਘਟਨਾ ਦੇ ਤੁਰੰਤ ਬਾਅਦ ਸਾਰੇ ਨਵਜੰਮੇ ਬੱਚਿਆਂ ਨੂੰ ਦੂਜੇ ਵਾਰਡਾਂ ਵਿੱਚ ਸੁਰੱਖਿਅਤ ਸ਼ਿਫਟ ਕਰ ਦਿੱਤਾ ਗਿਆ ਸੀ। ਕਿਸੇ ਵੀ ਮਰੀਜ਼ ਜਾਂ ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਫਿਲਹਾਲ ਹਸਪਤਾਲ ਪ੍ਰਸ਼ਾਸਨ ਵੱਲੋਂ ਘਟਨਾ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.