ਤਾਜਾ ਖਬਰਾਂ
ਨਵੀਂ ਦਿੱਲੀ 3 ਅਗਸਤ-
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਈ-20 ਪੈਟਰੋਲ ਦੇ ਵਿਰੋਧ ਵਿੱਚ ਜਨਤਾ ਦੇ ਪੱਤਰਾਂ ਨਾਲ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਰਿਹਾਇਸ਼ ਤੱਕ ਮਾਰਚ ਕਰਨਗੇ। ਉਨ੍ਹਾਂ ਕਿਹਾ ਕਿ ਉਹ ਦੁਪਹਿਰ 12 ਵਜੇ 100 ਲੋਕਾਂ ਨਾਲ ‘ਆਪ’ ਹੈੱਡਕੁਆਰਟਰ ਤੋਂ ਪੀਐੱਮ ਰਿਹਾਇਸ਼ ਲਈ ਨਿਕਲਣਗੇ। ਸਾਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਮਿਲਣਗੇ ਅਤੇ ਸਾਡੀ ਗੱਲ ਸੁਣਨਗੇ। ਉਨ੍ਹਾਂ ਦੱਸਿਆ ਕਿ ਮਹਿਜ਼ ਕੁਝ ਦਿਨਾਂ ਵਿੱਚ ਹੀ ਈ-20 ਖ਼ਿਲਾਫ਼ 2,33,238 ਲੋਕਾਂ ਨੇ ਆਨਲਾਈਨ ਪ੍ਰਧਾਨ ਮੰਤਰੀ ਦੇ ਨਾਂ ਪਟੀਸ਼ਨ ਸਾਈਨ ਕੀਤੀ ਹੈ। ਮੈਂ ਪੀਐੱਮ ਨੂੰ ਮਿਲਣ ਲਈ ਇੱਕ ਮਹੀਨਾ ਪਹਿਲਾਂ ਸਮਾਂ ਵੀ ਮੰਗਿਆ ਸੀ, ਪਰ ਹੁਣ ਤੱਕ ਉਨ੍ਹਾਂ ਦਾ ਜਵਾਬ ਨਹੀਂ ਮਿਲਿਆ ਹੈ। ਉਨ੍ਹਾਂ ਪੀਐੱਮ ਤੋਂ ਪੁੱਛਿਆ ਕਿ ਕੀ ਟਰੰਪ ਦੇ ਦਬਾਅ ਹੇਠ ਜ਼ਬਰਦਸਤੀ ਦੇਸ਼ ਉੱਤੇ ਈਥਾਨੌਲ ਥੋਪਿਆ ਜਾ ਰਿਹਾ ਹੈ ਅਤੇ ਅਗਲੇ 5 ਸਾਲਾਂ ਵਿੱਚ 20 ਬਿਲੀਅਨ ਡਾਲਰ ਦਾ ਈਥਾਨੌਲ ਖ਼ਰੀਦਣਗੇ।
ਸੋਮਵਾਰ ਨੂੰ 'ਆਪ' ਹੈੱਡਕੁਆਰਟਰ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਈਥਾਨੌਲ ਨੂੰ ਲੈ ਕੇ ਦੇਸ਼ ਦੀ ਜਨਤਾ ਬਹੁਤ ਜ਼ਿਆਦਾ ਪਰੇਸ਼ਾਨ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਜ਼ਬਰਦਸਤੀ ਲੋਕਾਂ ਉੱਤੇ ਈਥਾਨੌਲ ਥੋਪੀ ਜਾ ਰਹੀ ਹੈ। ਲੋਕਾਂ ਦੀ ਮਾਈਲੇਜ ਘੱਟ ਹੋ ਰਹੀ ਹੈ ਅਤੇ ਲੋਕਾਂ ਦੀਆਂ ਗੱਡੀਆਂ ਖ਼ਰਾਬ ਹੋ ਰਹੀਆਂ ਹਨ। ਇਸ ਦੇ ਬਾਵਜੂਦ ਬਿਨਾਂ ਸਵਾਲਾਂ ਦੇ ਜਵਾਬ ਦਿੱਤੇ ਅਤੇ ਬਿਨਾਂ ਕੋਈ ਤਰਕ ਦਿੱਤੇ ਸਰਕਾਰ ਇਸ ਨੂੰ ਜ਼ਬਰਦਸਤੀ ਥੋਪ ਰਹੀ ਹੈ। ਇਸ ਤੋਂ ਇਹ ਲੱਗਦਾ ਹੈ ਕਿ ਸਰਕਾਰ ਦਾ ਕੋਈ ਨਾ ਕੋਈ ਹਿਡਨ ਏਜੰਡਾ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇੱਕ ਦੋਸ਼ ਇਹ ਲਗਾਇਆ ਜਾ ਰਿਹਾ ਹੈ ਕਿ ਟਰੰਪ ਦੇ ਦਬਾਅ ਹੇਠ ਮੋਦੀ ਜੀ ਝੁਕੇ ਹੋਏ ਹਨ। ਟਰੰਪ ਆਪਣੇ ਦੇਸ਼ ਦਾ ਈਥਾਨੌਲ ਜ਼ਬਰਦਸਤੀ ਭਾਰਤ ਵਿੱਚ ਆਯਾਤ ਕਰਵਾਉਣਾ ਚਾਹੁੰਦੇ ਹਨ। ਇੱਕ ਅਨੁਮਾਨ ਦੇ ਹਿਸਾਬ ਨਾਲ ਅਗਲੇ 5 ਸਾਲਾਂ ਵਿੱਚ ਮੋਦੀ ਜੀ 20 ਬਿਲੀਅਨ ਡਾਲਰ ਦਾ ਈਥਾਨੌਲ ਟਰੰਪ ਤੋਂ ਖ਼ਰੀਦਣਗੇ, ਜੋ ਸਾਡੇ ਦੇਸ਼ ਉੱਤੇ ਥੋਪਿਆ ਜਾਵੇਗਾ। ਮੋਦੀ ਜੀ ਸਾਡੇ ਦੇਸ਼ ਦੇ ਲੋਕਾਂ ਦੀਆਂ ਗੱਡੀਆਂ ਖ਼ਰਾਬ ਕਰਨਾ ਚਾਹੁੰਦੇ ਹਨ।
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਸ਼ਨੀਵਾਰ ਨੂੰ ਅਸੀਂ ਈ-20 ਦੇ ਖ਼ਿਲਾਫ਼ ਟਾਊਨ ਹਾਲ ਕੀਤਾ ਸੀ, ਉਹ ਬਹੁਤ ਸਫ਼ਲ ਰਿਹਾ। ਹਾਲ ਦੇ ਅੰਦਰ ਅਤੇ ਬਾਹਰ ਬਹੁਤ ਸਾਰੇ ਲੋਕ ਸਨ ਅਤੇ ਲਗਭਗ 7 ਲੱਖ ਲੋਕ ਪ੍ਰੋਗਰਾਮ ਨੂੰ ਲਾਈਵ ਦੇਖ ਰਹੇ ਸਨ। ਮੈਨੂੰ ਲੱਗਦਾ ਹੈ ਕਿ ਇਹ ਦੁਨੀਆ ਦਾ ਰਿਕਾਰਡ ਹੈ ਕਿ ਕੋਈ ਵੀ ਲਾਈਵ ਪ੍ਰੋਗਰਾਮ 7 ਲੱਖ ਲੋਕ ਆਨਲਾਈਨ ਦੇਖ ਰਹੇ ਹੋਣ। ਇਹ ਦਿਖਾਉਂਦਾ ਹੈ ਕਿ ਲੋਕ ਈ-20 ਤੋਂ ਕਿੰਨੇ ਜ਼ਿਆਦਾ ਪਰੇਸ਼ਾਨ ਹਨ ਅਤੇ ਕਿਸ ਤਰ੍ਹਾਂ ਟਾਊਨਹਾਲ ਦੇ ਸਮਰਥਨ ਵਿੱਚ ਆਏ ਹਨ। ਫਿਰ ਵੀ ਲੋਕਾਂ ਨੂੰ ਬੁਰੀ ਤਰ੍ਹਾਂ ਡਰਾਇਆ-ਧਮਕਾਇਆ ਜਾ ਰਿਹਾ ਹੈ। ਜੇਕਰ ਕੋਈ ਇਨਫਲੂਐਂਸਰ, ਕੰਟੈਂਟ ਕ੍ਰਿਏਟਰ, ਪੀੜਤ ਵਿਅਕਤੀ ਈ-20 ਦੇ ਖ਼ਿਲਾਫ਼ ਆਵਾਜ਼ ਚੁੱਕੇ, ਤਾਂ ਉਸ ਨੂੰ ਟ੍ਰੋਲ ਕਰਕੇ ਅਤੇ ਉਸ 'ਤੇ ਐੱਫਆਈਆਰ ਦਰਜ ਕਰਕੇ ਡਰਾਇਆ-ਧਮਕਾਇਆ ਜਾਂਦਾ ਹੈ। ਇਸ ਵਜ੍ਹਾ ਨਾਲ ਲੋਕ ਬਹੁਤ ਡਰੇ ਹੋਏ ਹਨ।
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਅਸੀਂ ਪ੍ਰਧਾਨ ਮੰਤਰੀ ਦੇ ਨਾਂ ਆਨਲਾਈਨ ਪਟੀਸ਼ਨ ਸਾਈਨ ਕਰਵਾਈ ਸੀ। ਮਹਿਜ਼ ਕੁਝ ਦਿਨਾਂ ਦੇ ਅੰਦਰ 2,33,238 ਲੋਕਾਂ ਨੇ ਇਹ ਪਟੀਸ਼ਨ ਸਾਈਨ ਕੀਤੀ ਹੈ। ਮੰਗਲਵਾਰ ਨੂੰ ਮੈਂ ਪ੍ਰਧਾਨ ਮੰਤਰੀ ਨੂੰ ਇਹ ਪਟੀਸ਼ਨ ਸੌਂਪਣ ਲਈ 100 ਲੋਕਾਂ ਨਾਲ ਦੁਪਹਿਰ 12 ਵਜੇ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਉਨ੍ਹਾਂ ਦੇ ਘਰ ਵੱਲ ਨਿਕਲਾਂਗਾ। ਅਸੀਂ ਚਾਹੁੰਦੇ ਹਾਂ ਕਿ ਨਿੱਜੀ ਤੌਰ 'ਤੇ ਉਨ੍ਹਾਂ ਨੂੰ ਇਹ ਪਟੀਸ਼ਨ ਸੌਂਪ ਕੇ ਆਈਏ ਅਤੇ ਉਨ੍ਹਾਂ ਨਾਲ ਚਰਚਾ ਕਰੀਏ ਕਿ ਕਿਵੇਂ ਈਥਾਨੌਲ ਗ਼ਲਤ ਹੈ ਅਤੇ ਲੋਕ ਕਿਸ ਤਰ੍ਹਾਂ ਪਰੇਸ਼ਾਨ ਹਨ। ਮੈਂ ਲਗਭਗ ਇੱਕ ਮਹੀਨਾ ਪਹਿਲਾਂ ਚਿੱਠੀ ਲਿਖ ਕੇ ਵੀ ਉਨ੍ਹਾਂ ਤੋਂ ਸਮਾਂ ਮੰਗਿਆ ਸੀ, ਪਰ ਉਸ 'ਤੇ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ। ਇਸ ਲਈ ਹੁਣ ਮੰਗਲਵਾਰ ਨੂੰ ਅਸੀਂ ਇਸ ਨੂੰ ਨਿੱਜੀ ਤੌਰ 'ਤੇ ਲੈ ਕੇ ਜਾਵਾਂਗੇ ਅਤੇ ਸਾਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਮਿਲ ਕੇ ਸਾਡੀ ਗੱਲ ਸੁਣਨਗੇ।
Get all latest content delivered to your email a few times a month.