IMG-LOGO
ਹੋਮ ਪੰਜਾਬ: ਫਗਵਾੜਾ: ਮੰਦਰ ‘ਚ ਹੋਈ ਚੋਰੀ, ਕੰਧ ਟੱਪ ਕੇ ਅੰਦਰ ਵੜੇ...

ਫਗਵਾੜਾ: ਮੰਦਰ ‘ਚ ਹੋਈ ਚੋਰੀ, ਕੰਧ ਟੱਪ ਕੇ ਅੰਦਰ ਵੜੇ ਚੋਰ; CCTV 'ਚ ਕੈਦ ਹੋਈ 40 ਮਿੰਟ ਦੀ ਵਾਰਦਾਤ

Admin User - Aug 03, 2026 06:21 PM
IMG

ਫਗਵਾੜਾ ਦੇ ਨਜ਼ਦੀਕੀ ਪਿੰਡ ਚਾਚੋਕੀ ਸਥਿਤ ਗੁੱਗਾ ਜ਼ਾਹਰ ਵੀਰ ਜੀ ਦੇ ਮੰਦਰ ਵਿੱਚ ਚੋਰੀ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦੇਰ ਰਾਤ ਇੱਕ ਸ਼ਾਤਰ ਚੋਰ ਮੰਦਰ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਇਆ ਅਤੇ ਕਰੀਬ 40 ਮਿੰਟ ਤੱਕ ਮੰਦਰ ਦੇ ਅੰਦਰ ਰਹਿ ਕੇ ਨਕਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਦਾ ਰਿਹਾ। ਇਸ ਦੌਰਾਨ ਉਸ ਦਾ ਇੱਕ ਸਾਥੀ ਮੰਦਰ ਦੇ ਬਾਹਰ ਖੜ੍ਹਾ ਹੋ ਕੇ ਨਿਗਰਾਨੀ ਕਰਦਾ ਰਿਹਾ। ਚੋਰੀ ਦੀ ਪੂਰੀ ਵਾਰਦਾਤ ਮੰਦਰ ਵਿੱਚ ਲੱਗੇ CCTV ਕੈਮਰਿਆਂ ਵਿੱਚ ਰਿਕਾਰਡ ਹੋ ਗਈ, ਜਿਸ ਦੇ ਆਧਾਰ 'ਤੇ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।

ਮੰਦਰ ਕਮੇਟੀ ਨੂੰ ਸੋਮਵਾਰ ਸਵੇਰੇ ਚੋਰੀ ਦਾ ਪਤਾ ਲੱਗਾ, ਜਿਸ ਤੋਂ ਬਾਅਦ ਤੁਰੰਤ ਫਗਵਾੜਾ ਸਿਟੀ ਥਾਣੇ ਦੀ ਪੁਲਿਸ ਨੂੰ ਸੂਚਿਤ ਕਰਕੇ ਲਿਖਤੀ ਸ਼ਿਕਾਇਤ ਦਿੱਤੀ ਗਈ। ਕਮੇਟੀ ਮੈਂਬਰਾਂ ਨੇ ਮੰਗ ਕੀਤੀ ਹੈ ਕਿ CCTV ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਜਲਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਮੰਦਰ ਦੇ ਮੁੱਖ ਸੇਵਾਦਾਰ ਬਾਬਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਚੋਰ ਬੇਖੌਫ਼ ਹੋ ਕੇ ਮੰਦਰ ਦੇ ਅੰਦਰ ਘੁੰਮਦਾ ਰਿਹਾ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ CCTV ਕੈਮਰਿਆਂ ਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਜੋ ਉਸ ਦੀ ਪਛਾਣ ਨਾ ਹੋ ਸਕੇ। ਉਨ੍ਹਾਂ ਮੁਤਾਬਕ ਚੋਰੀ ਕਾਰਨ ਮੰਦਰ ਨੂੰ 25 ਹਜ਼ਾਰ ਰੁਪਏ ਤੋਂ ਵੱਧ ਦਾ ਆਰਥਿਕ ਨੁਕਸਾਨ ਹੋਇਆ ਹੈ।

ਇਸ ਮੌਕੇ ਬਾਬਾ ਹਰਵਿੰਦਰ ਸਿੰਘ ਨੇ ਇਲਾਕੇ ਵਿੱਚ ਵੱਧ ਰਹੇ ਨਸ਼ੇ ਦੇ ਕਾਰੋਬਾਰ 'ਤੇ ਵੀ ਗੰਭੀਰ ਚਿੰਤਾ ਜਤਾਈ। ਉਨ੍ਹਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਲਤ ਕਾਰਨ ਨੌਜਵਾਨ ਚੋਰੀ ਵਰਗੀਆਂ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਸ਼ੇ ਦੀ ਤਸਕਰੀ ਅਤੇ ਵਿਕਰੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ 'ਤੇ ਰੋਕ ਲੱਗ ਸਕੇ। ਪੁਲਿਸ ਨੇ ਸ਼ਿਕਾਇਤ ਦਰਜ ਕਰਕੇ CCTV ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.