ਤਾਜਾ ਖਬਰਾਂ
ਭਾਰਤ ਦੇ ਸਟਾਰ ਲੰਬੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ ਨੇ 2026 ਰਾਸ਼ਟਰਮੰਡਲ ਖੇਡਾਂ ਵਿੱਚ ਇਤਿਹਾਸ ਰਚਦੇ ਹੋਏ 5000 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਆਪਣੇ ਨਾਮ ਕਰ ਲਿਆ। ਇਸ ਉਪਲਬਧੀ ਨਾਲ ਉਹ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ 5000 ਮੀਟਰ ਮੁਕਾਬਲੇ ਵਿੱਚ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਇਸ ਤੋਂ ਇਲਾਵਾ, ਗੁਲਵੀਰ ਇੱਕੋ ਰਾਸ਼ਟਰਮੰਡਲ ਖੇਡਾਂ ਵਿੱਚ ਐਥਲੈਟਿਕਸ ਵਿੱਚ ਦੋ ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਵੀ ਬਣ ਗਏ ਹਨ।
ਇਸ ਤੋਂ ਪਹਿਲਾਂ 28 ਜੁਲਾਈ ਨੂੰ ਗੁਲਵੀਰ ਨੇ 10,000 ਮੀਟਰ ਦੌੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗਮਾ ਜਿੱਤਿਆ ਸੀ। ਹੁਣ 5000 ਮੀਟਰ ਵਿੱਚ ਕਾਂਸੀ ਜਿੱਤ ਕੇ ਉਨ੍ਹਾਂ ਨੇ ਭਾਰਤ ਦੇ ਨਾਮ ਇੱਕ ਹੋਰ ਇਤਿਹਾਸਕ ਉਪਲਬਧੀ ਦਰਜ ਕਰਵਾ ਦਿੱਤੀ।
5000 ਮੀਟਰ ਦੇ ਫਾਈਨਲ ਵਿੱਚ ਗੁਲਵੀਰ ਸਿੰਘ ਨੇ 13 ਮਿੰਟ 24.95 ਸਕਿੰਟ ਦਾ ਸਮਾਂ ਕੱਢਦਿਆਂ ਤੀਜਾ ਸਥਾਨ ਹਾਸਲ ਕੀਤਾ। ਕੀਨੀਆ ਦੇ ਮੈਥਿਊ ਕਿਪਚੁੰਬਾ ਕਿਪਸਾਂਗ ਨੇ 13 ਮਿੰਟ 23.61 ਸਕਿੰਟ ਦੇ ਸਮੇਂ ਨਾਲ ਸੋਨ ਤਗਮਾ ਜਿੱਤਿਆ, ਜਦਕਿ ਆਸਟ੍ਰੇਲੀਆ ਦੇ ਕੀ ਰੌਬਿਨਸਨ ਨੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ।
28 ਸਾਲਾ ਗੁਲਵੀਰ ਸਿੰਘ ਇਸ ਵੇਲੇ 5000 ਮੀਟਰ ਅਤੇ 10,000 ਮੀਟਰ ਦੋਵਾਂ ਵਿੱਚ ਭਾਰਤ ਦੇ ਰਾਸ਼ਟਰੀ ਰਿਕਾਰਡ ਧਾਰਕ ਹਨ। ਉਹ ਇਸ ਤੋਂ ਪਹਿਲਾਂ ਵੀ 2023 ਹਾਂਗਜ਼ੂ ਏਸ਼ੀਆਈ ਖੇਡਾਂ ਵਿੱਚ 10,000 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਚੁੱਕੇ ਹਨ।
5000 ਮੀਟਰ ਦੇ ਫਾਈਨਲ ਵਿੱਚ ਵੀ ਗੁਲਵੀਰ ਨੇ ਆਪਣੀ ਜਾਣੀ-ਪਹਿਚਾਣੀ ਰਣਨੀਤੀ ਅਪਣਾਈ। ਉਹ ਜ਼ਿਆਦਾਤਰ ਦੌੜ ਦੌਰਾਨ ਮੋਹਰੀ ਐਥਲੀਟਾਂ ਦੇ ਨਾਲ ਬਣੇ ਰਹੇ ਅਤੇ ਆਖਰੀ 400 ਮੀਟਰ ਵਿੱਚ ਤੇਜ਼ ਰਫ਼ਤਾਰ ਨਾਲ ਦੌੜਦਿਆਂ ਤੀਜੇ ਸਥਾਨ 'ਤੇ ਪਹੁੰਚ ਕੇ ਕਾਂਸੀ ਦਾ ਤਗਮਾ ਜਿੱਤ ਲਿਆ।
ਗੁਲਵੀਰ ਦੇ ਇਸ ਤਗਮੇ ਨਾਲ 2026 ਰਾਸ਼ਟਰਮੰਡਲ ਖੇਡਾਂ ਵਿੱਚ ਐਥਲੈਟਿਕਸ ਵਿੱਚ ਭਾਰਤ ਦੇ ਤਗਮਿਆਂ ਦੀ ਗਿਣਤੀ 10 ਹੋ ਗਈ ਹੈ, ਜਿਨ੍ਹਾਂ ਵਿੱਚ ਪੰਜ ਚਾਂਦੀ ਅਤੇ ਪੰਜ ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਵੇਂ ਇਸ ਵਾਰ ਐਥਲੈਟਿਕਸ ਵਿੱਚ ਭਾਰਤ ਨੂੰ ਸੋਨ ਤਗਮਾ ਨਹੀਂ ਮਿਲਿਆ, ਪਰ 2010 ਦਿੱਲੀ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਇਹ ਭਾਰਤ ਦਾ ਦੂਜਾ ਸਭ ਤੋਂ ਵਧੀਆ ਐਥਲੈਟਿਕਸ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ। 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ ਐਥਲੈਟਿਕਸ ਵਿੱਚ ਕੁੱਲ ਅੱਠ ਤਗਮੇ ਜਿੱਤੇ ਸਨ।
ਦੂਜੇ ਪਾਸੇ, ਭਾਰਤ ਲਈ ਬਾਕਸਿੰਗ ਵਿੱਚ ਲਵਲੀਨਾ ਬੋਰਗੋਹੇਨ ਨੇ ਫਾਈਨਲ ਵਿੱਚ ਹਾਰ ਦੇ ਬਾਵਜੂਦ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਸਚਿਨ ਅਤੇ ਅੰਕੁਸ਼ ਪੰਘਾਲ ਨੇ ਆਪਣੇ-ਆਪਣੇ ਮੁਕਾਬਲਿਆਂ ਵਿੱਚ ਸੋਨ ਤਗਮੇ ਜਿੱਤ ਕੇ ਭਾਰਤ ਦੀ ਝੋਲੀ ਵਿੱਚ ਹੋਰ ਸਫਲਤਾਵਾਂ ਪਾਈਆਂ।
Get all latest content delivered to your email a few times a month.