ਤਾਜਾ ਖਬਰਾਂ
ਪੰਜਾਬ ਵਿੱਚ ਸਰਕਾਰੀ ਸਿੱਖਿਆ ਢਾਂਚੇ ਨੂੰ ਸਮਾਰਟ ਅਤੇ ਆਧੁਨਿਕ ਬਣਾਉਣ ਦੀ ਮੁਹਿੰਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਵਾਸੀਆਂ ਨੂੰ ਵੱਡੀ ਸੌਗਾਤ ਦੇਣ ਜਾ ਰਹੇ ਹਨ। ਸੀ.ਐੱਮ. ਮਾਨ ਅੱਜ ਸ਼ਹਿਰ ਦੇ ਦੋ ਪ੍ਰਮੁੱਖ ਇਲਾਕਿਆਂ—ਕਿਦਵਈ ਨਗਰ ਅਤੇ ਮਿਲਰਗੰਜ-ਢੋਲੇਵਾਲ—ਵਿੱਚ ਨਵੇਂ ਤਿਆਰ ਕੀਤੇ ਗਏ 'ਸਕੂਲ ਆਫ਼ ਐਮੀਨੈਂਸ' (SoE) ਦਾ ਰਸਮੀ ਉਦਘਾਟਨ ਕਰਨਗੇ। ਇਸ ਉਦਘਾਟਨ ਤੋਂ ਬਾਅਦ ਇਲਾਕੇ ਦੇ ਵਿਦਿਆਰਥੀ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਵਾਲੇ ਕੈਂਪਸ ਵਿੱਚ ਪੜ੍ਹਾਈ ਕਰ ਸਕਣਗੇ।
ਜ਼ਿਕਰਯੋਗ ਹੈ ਕਿ ਕਿਦਵਈ ਨਗਰ ਸਥਿਤ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਪਹਿਲਾਂ 28 ਮਈ ਨੂੰ ਪ੍ਰਸਤਾਵਿਤ ਸੀ, ਪਰ ਕਿਸੇ ਕਾਰਨ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਸੀ। ਇਮਾਰਤ ਪੂਰੀ ਤਰ੍ਹਾਂ ਬਣ ਕੇ ਤਿਆਰ ਹੋਣ ਦੇ ਬਾਵਜੂਦ ਲੰਮੇ ਸਮੇਂ ਤੋਂ ਬੰਦ ਪਈ ਸੀ।
ਇਸ ਨਵੇਂ ਕੈਂਪਸ ਵਿੱਚ
40 ਹਾਈ-ਟੈੱਕ ਕਲਾਸਰੂਮ: ਵਿਦਿਆਰਥੀਆਂ ਦੇ ਪੜ੍ਹਨ ਲਈ ਬਹੁੱਤ ਹੀ ਆਧੁਨਿਕ ਕਮਰੇ ਤਿਆਰ ਕੀਤੇ ਗਏ ਹਨ।
ਬਿਹਤਰ ਮਾਹੌਲ: ਬੁਨਿਆਦੀ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼ਾਨਦਾਰ ਇਨਫਰਾਸਟ੍ਰਕਚਰ ਤਿਆਰ ਕੀਤਾ ਗਿਆ ਹੈ।
ਦੂਜੇ ਪਾਸੇ ਮਿਲਰਗੰਜ-ਢੋਲੇਵਾਲ ਸਕੂਲ ਨੂੰ ਵੀ ਅਤਿ-ਆਧੁਨਿਕ ਸਹੂਲਤਾਂ ਨਾਲ ਸਜਾਇਆ ਗਿਆ ਹੈ। ਇੱਥੇ ਹਰ ਜਮਾਤ ਵਿੱਚ ਪ੍ਰੋਜੈਕਟਰ, ਡਿਜੀਟਲ ਸਕ੍ਰੀਨਾਂ, ਅਤੇ ਪੀਣ ਵਾਲੇ ਸਾਫ਼ ਪਾਣੀ ਲਈ ਆਰ.ਓ. (RO) ਸਿਸਟਮ ਵਾਲੇ ਵਾਟਰ ਕੂਲਰ ਲਗਾਏ ਗਏ ਹਨ।
ਸਰਕਾਰ ਦੀ ਇਸ ਯੋਜਨਾ ਦਾ ਮੁੱਖ ਮਕਸਦ ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਦੇ ਮੁਕਾਬਲੇ ਬਰਾਬਰ ਖੜ੍ਹਾ ਕਰਨਾ ਹੈ। ਇਨ੍ਹਾਂ ਸਕੂਲਾਂ ਵਿੱਚ ਸਮਾਰਟ ਕਲਾਸਰੂਮ, ਸਾਇੰਸ ਤੇ ਕੰਪਿਊਟਰ ਲੈਬਾਂ, ਸੀ.ਸੀ.ਟੀ.ਵੀ. ਕੈਮਰੇ ਅਤੇ ਖੇਡਾਂ ਦੇ ਆਧੁਨਿਕ ਮੈਦਾਨ ਤਿਆਰ ਕੀਤੇ ਗਏ ਹਨ।
ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਲਈ ਸਥਾਨਕ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਪੂਰੀ ਤਰ੍ਹਾਂ ਹਰਕਤ ਵਿੱਚ ਹੈ:
ਅਧਿਕਾਰੀਆਂ ਅਨੁਸਾਰ ਦੋਵੇਂ ਸਕੂਲ ਉਦਘਾਟਨ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਅੱਜ ਤੋਂ ਹੀ ਵਿਦਿਆਰਥੀਆਂ ਨੂੰ ਇਨ੍ਹਾਂ ਆਧੁਨਿਕ ਸਹੂਲਤਾਂ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ।
Get all latest content delivered to your email a few times a month.