IMG-LOGO
ਹੋਮ ਪੰਜਾਬ: ਬੰਦੀ ਸਿੰਘਾਂ ਦੀ ਰਿਹਾਈ ਲਈ ਉੱਠੀ ਆਵਾਜ਼ ਨੂੰ ਪਰਚਿਆਂ ਜ਼ਰੀਏ...

ਬੰਦੀ ਸਿੰਘਾਂ ਦੀ ਰਿਹਾਈ ਲਈ ਉੱਠੀ ਆਵਾਜ਼ ਨੂੰ ਪਰਚਿਆਂ ਜ਼ਰੀਏ ਦਬਾਉਣ ਦੀ ਕੋਸ਼ਿਸ਼ - ਬਾਪੂ ਤਰਸੇਮ ਸਿੰਘ

Admin User - Jul 31, 2026 05:43 PM
IMG

ਚੰਡੀਗੜ੍ਹ- ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ "ਸਾਡਾ ਐਮਪੀ ਰਿਹਾਅ ਕਰੋ" ਦੇ ਨਾਅਰੇ ਤਹਿਤ ਖਾਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੰਸਦ ਵਿੱਚ ਪੰਜਾਬ ਦੀ ਗੱਲ ਰੱਖਣ ਦੀ ਮੰਗ ਨੂੰ ਲੈਕੇ ਚੰਡੀਗੜ ਵਿੱਚ ਅਕਾਲੀ ਦਲ "ਵਾਰਿਸ ਪੰਜਾਬ ਦੇ" ਵੱਲੋ ਪੂਰਨ ਸਾਂਤਮਈ ਢੰਗ ਨਾਲ ਕੀਤੇ ਰੋਸ ਮਾਰਚ ਤੋਂ ਬਾਅਦ ਦਰਜ ਕੀਤੀ ਗਈ ਐੱਫਆਈਆਰ ਨਿਰੋਲ ਰੂਪ ਵਿੱਚ ਲੋਕਤੰਤਰ ਵਿੱਚ ਅਵਾਜ ਦਬਾਉਣ ਦੀ ਕੋਸ਼ਿਸ਼ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ, ਬਾਪੂ ਤਰਸੇਮ ਸਿੰਘ ਨੇ ਕਿਹਾ ਕਿ, ਇੱਕ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਸ਼ਿਸ਼ ਰਹੀ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਵੱਲੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਿੱਖ ਕੌਮ ਨਾਲ ਰਿਹਾਈ ਦਾ ਵਾਅਦਾ ਕੀਤਾ ਸੀ, ਹੁਣ ਜਦੋਂ ਪੂਰਾ ਪੰਜਾਬ, ਪੰਜਾਬ ਦਾ ਹਰ ਵਰਗ, ਸਾਰੇ ਧਰਮਾਂ ਨਾਲ ਜੁੜੇ ਲੋਕ ਇਸ ਅਨਿਆਂ ਦੇ ਖਿਲਾਫ ਹੋ ਕੇ ਇਕਜੁਟ ਆਵਾਜ਼ ਬੁਲੰਦ ਕਰਨ ਲੱਗੇ ਹਨ ਤਾਂ ਉਹਨਾਂ ਦੀ ਅਵਾਜ਼ ਨੂੰ ਦਬਾਉਣ ਦੀ ਖਾਤਿਰ ਬੇ ਬੁਨਿਆਦ ਕੇਸ ਦਰਜ ਕੀਤੇ ਗਏ ਹਨ।

ਬਾਪੂ ਤਰਸੇਮ ਸਿੰਘ ਨੇ ਕਿਹਾ ਕਿ, ਇਹ ਕਿੰਨੀ ਵੱਡੀ ਤ੍ਰਾਸਦੀ ਦੀ ਗੱਲ ਹੈ ਕਿ, ਮਰਹੂਮ ਆਗੂ ਅਤੇ ਸਾਬਕਾ ਮੰਤਰੀ ਅਜਾਇਬ ਸਿੰਘ ਮੁਖਮੈਲਪੁਰ ਦਾ ਨਾਮ ਵੀ ਇਸ ਝੂਠੀ ਅਤੇ ਤੱਥਹੀਣ ਐਫਆਈਆਰ ਵਿੱਚ ਦਰਜ ਕੀਤਾ ਗਿਆ ਹੈ। ਅਜਾਇਬ ਸਿੰਘ ਮੁਖਮੈਲਪੁਰ ਦਾ ਐਫਆਈਆਰ ਵਿੱਚ ਨਾਮ ਨਾਮਜ਼ਦ ਹੋਣਾ ਇਸ ਪੁਸ਼ਟੀ ਕਰਦਾ ਹੈ ਕਿ, ਇਹ ਕੇਸ ਸਿਰਫ ਤੇ ਸਿਰਫ ਬੰਦੀ ਸਿੰਘਾਂ ਦੀ ਆਵਾਜ਼ ਨੂੰ ਦਬਾਉਣ, ਕਮਜੋਰ ਕਰਨ, ਪੰਜਾਬੀਆਂ ਦੀ ਇਕਜੁੱਟਤਾ ਨੂੰ ਤੋੜਨ ਅਤੇ ਨੌਜਵਾਨਾਂ ਦੇ ਮਨੋਬਲ ਨੂੰ ਕਮਜ਼ੋਰ ਕਰਨ ਦਾ ਪੈਂਤੜਾ ਹੈ। ਇਸ ਦੇ ਨਾਲ ਹੀ ਬਾਪੂ ਤਰਸੇਮ ਸਿੰਘ ਨੇ ਮੁਖਮੈਲਪੁਰ ਪਰਿਵਾਰ ਤੋਂ ਮੁਆਫੀ ਮੰਗਦਿਆਂ ਕਿਹਾ, ਪੁਲਿਸ ਦੀ ਝੂਠੀ ਕਾਰਵਾਈ ਲਈ ਪਰਿਵਾਰ ਨੂੰ ਤਕਲੀਫ਼ ਵਿੱਚੋ ਨਿਕਲਣਾ ਪਿਆ। ਬਾਪੂ ਤਰਸੇਮ ਸਿੰਘ ਨੇ ਕਿਹਾ ਕਿ, ਇਹ ਰੋਸ ਮਾਰਚ ਇੱਕ ਇਕਜੁਟਤਾ ਦੀ ਆਵਾਜ਼, ਪੰਜਾਬ ਦੇ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਦੀ ਤਸਵੀਰ ਸੀ, ਜਿਸ ਨੂੰ ਇਹੋ ਜਿਹੀਆਂ ਐਫਆਈਆਰ ਕਦੇ ਕਮਜੋਰ ਨਹੀਂ ਕਰ ਸਕਦੀਆਂ। ਇਸ ਰੋਸ ਮਾਰਚ ਵਿੱਚ ਜਿੱਥੇ ਸਿੱਖ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਸੀ, ਉੱਥੇ ਹੀ ਬੰਦੀ ਸਿੰਘਾਂ ਦੇ ਨਾਲ ਹੋ ਰਹੇ ਅਨਿਆਂ ਅਤੇ ਜ਼ੁਰਮ ਖਿਲਾਫ ਪੰਜਾਬ ਦੇ ਹਿੰਦੂ, ਮੁਸਲਿਮ ਅਤੇ ਇਸਾਈ ਵਰਗ ਦੇ ਲੋਕ ਅਤੇ ਨੁਮਾਇੰਦੇ ਵੀ ਸ਼ਾਮਲ ਸਨ। ਬੰਦੀ ਸਿੰਘਾਂ ਦੀ ਲੜਾਈ ਇੱਕ ਵਰਗ ਦੀ ਲੜਾਈ ਨਹੀਂ ਹੈ, ਇਹ ਸਮੁੱਚੇ ਪੰਜਾਬੀਆਂ ਦੀ ਲੜਾਈ ਹੈ। ਇਸ ਐਫਆਈਆਰ ਜਰੀਏ ਇੱਕ ਝੂਠਾ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ, ਪੁਲਿਸ ਦੇ ਵਿੱਚ ਸ਼ਾਮਲ ਜਵਾਨ ਵੀ ਸਾਡੇ ਬੱਚੇ ਨੇ, ਅਜਿਹੇ ਝੂਠੇ ਅਤੇ ਮਨਘੜਤ ਬਿਰਤਾਂਤ ਤੋ ਬਚਣ ਦੀ ਲੋੜ ਹੈ। ਉਹਨਾਂ ਚੰਡੀਗੜ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ, ਅਜਿਹੀਆਂ ਤੱਥਹੀਣ ਕਾਰਵਾਈਆਂ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ।

ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ,ਸ਼ਾਂਤਮਈ ਰੋਸ ਮਾਰਚ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ ਪੂਰੀ ਤਰਾਂ ਸ਼ਾਂਤੀਪੂਰਵਕ ਨੇਪਰੇ ਚੜਿਆ। ਕੋਈ ਵੀ ਹਿੰਸਕ ਕਾਰਵਾਈ ਨਹੀਂ ਹੋਈ, ਪੂਰੀ ਤਰਾਂ ਜਾਬਤੇ ਵਿੱਚ ਰਹਿ ਕੇ ਹਾਜ਼ਰ ਸੰਗਤ ਨੇ ਆਪਣੀ ਗੱਲ ਸਰਕਾਰ ਤੱਕ ਪਹੁਚਾਉਣ ਦੀ ਕੋਸ਼ਿਸ਼ ਕੀਤੀ। ਨਿਰਧਾਰਿਤ ਰੂਟ ਪਲਾਨ ਦੇ ਹਿਸਾਬ ਨਾਲ ਹੀ ਹਾਜ਼ਰ ਸੰਗਤ ਅੱਗੇ ਵਧੀ। ਟਰੈਫਿਕ ਨਿਯਮਾਂ ਸਮੇਤ ਬਜੁਰਗਾਂ, ਸਕੂਲ ਵੈਨ ਅਤੇ ਹਰ ਸ਼ਹਿਰੀ ਨਾਗਰਿਕ ਦਾ ਖਿਆਲ ਰੱਖਿਆ। ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਇਸ ਦਰਜ ਐਫਆਈਆਰ ਨੇ ਸਾਬਿਤ ਕੀਤਾ ਹੈ, ਸਰਕਾਰ ਦੇ ਜ਼ਬਰ, ਜੁਲਮ ਅਤੇ ਅਨਿਆਂ ਦੇ ਖਿਲਾਫ਼  ਸ਼ਾਂਤਮਈ ਤਰੀਕੇ ਨਾਲ ਗੱਲ ਰੱਖਣਾ ਕਿਸੇ ਵੀ ਸਰਕਾਰ ਨੂੰ ਬਰਦਾਸ਼ਤ ਨਹੀਂ।

ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ, ਅਜਿਹੀ ਤੱਥਹੀਣ, ਪੂਰੀ ਤਰਾਂ ਝੂਠੀ ਕਹਾਣੀ ਤੇ ਆਧਾਰਿਤ ਐਫਆਈਆਰ ਸਰਕਾਰਾਂ ਦੀ ਘਬਰਾਹਟ ਦੀ ਨਤੀਜਾ ਹੈ। ਅੱਜ ਜਦੋਂ ਪੰਜਾਬ ਦੇ ਲੋਕ ਇਕਜੁਟਤਾ ਨਾਲ ਆਪਣੀ ਗੱਲ ਰੱਖਣ ਲਈ  ਭਾਈਚਾਰਕ ਏਕਤਾ ਅਤੇ ਸਾਂਝੀਵਾਲਤਾ ਦੇ ਰੂਪ ਵਿੱਚ ਅੱਗੇ ਵਧ ਰਹੇ ਹਨ, ਤਾਂ ਇੱਕ ਝੂਠਾ ਪ੍ਰਾਪੇਗੰਡੇ ਤਹਿਤ ਬਦਨਾਮ ਕਰਨ ਦੀ ਨੀਯਤ ਨਾਲ ਕੇਸ ਦਰਜ ਹੋ ਰਹੇ ਹਨ। ਸਰਦਾਰ ਇਯਾਲੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈਕੇ ਦੇਸ਼ ਨੂੰ ਅੰਨ ਭੰਡਾਰਨ ਵਿਚ ਆਤਮ ਨਿਰਭਰ ਬਣਾਉਣ ਵਿੱਚ ਪੰਜਾਬੀਆਂ ਦੇ ਰੋਲ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ। ਅੱਜ ਸਰਕਾਰਾਂ ਪੰਜਾਬ ਨਾਲ ਹੋਈਆਂ ਵਧੀਕੀਆਂ ਤੇ ਚੁੱਪ ਹਨ, ਰਾਜਧਾਨੀ ਦੇ ਮੁੱਦੇ ਤੇ ਸਵਾਲ ਬਰਦਾਸ਼ਤ ਨਹੀਂ, ਪਾਣੀਆਂ ਉਪਰ ਪਏ ਡਾਕੇ ਤੇ ਗੱਲ ਨਹੀਂ ਰੱਖਣ ਦਿੱਤੀ ਜਾ ਰਹੀ। ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਵੇ ਤਾਂ ਝੂਠੇ ਕੇਸ ਦਰਜ ਹੁੰਦੇ ਹਨ। ਸਰਦਾਰ ਇਯਾਲੀ ਨੇ ਕਿਹਾ, ਓਹਨਾ ਦਾ ਰੋਸ ਮਾਰਚ ਪੂਰੀ ਤਰਾਂ ਸ਼ਾਂਤੀਪੂਰਵਕ ਰਿਹਾ, ਅਤੇ ਓਹਨਾਂ ਇਸ ਰੋਸ ਮਾਰਚ ਵਿੱਚ ਸ਼ਾਮਲ ਹਰ ਨੌਜਵਾਨ, ਬੀਬੀਆਂ ਅਤੇ ਬਜ਼ੁਰਗਾਂ ਦਾ ਖਾਸ ਧੰਨਵਾਦ ਕੀਤਾ, ਜਿਨ੍ਹਾਂ ਨੇ ਪਾਰਟੀਬਾਜੀ ਅਤੇ ਧੜੇਬਾਜੀ ਤੋਂ ਉਪਰ ਉਠ ਕੇ ਅਵਾਜ ਨੂੰ ਬੁਲੰਦ ਕੀਤਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.