ਤਾਜਾ ਖਬਰਾਂ
ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਬੀਤੇ ਦਿਨ ਵਾਲਮੀਕੀ ਸਮਾਜ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਇੱਕ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਜ਼ਾਰਾਂ ਵਿੱਚ ਦੁਕਾਨਾਂ ਬੰਦ ਕਰਵਾਉਣ ਦੇ ਨਾਂ 'ਤੇ ਕੁੱਝ ਅਰਾਜਕ ਤੱਤਾਂ ਵੱਲੋਂ ਸ਼ਰੇਆਮ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਅਜਿਹਾ ਹੀ ਇੱਕ ਮਾਮਲਾ ਗਵਾਲ ਮੰਡੀ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਪ੍ਰਦਰਸ਼ਨਕਾਰੀਆਂ ਦੀ ਭੀੜ ਇੱਕ ਕਰਿਆਨਾ ਦੁਕਾਨ ਤੋਂ ਚੀਨੀ ਦੀ ਬੋਰੀ ਚੁੱਕ ਕੇ ਫ਼ਰਾਰ ਹੋ ਗਈ। ਇਹ ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ (CCTV) ਕੈਮਰੇ 'ਚ ਕੈਦ ਹੋ ਗਈ ਹੈ।
ਪੀੜਤ ਦੁਕਾਨਦਾਰ ਅਨੁਸਾਰ ਪ੍ਰਦਰਸ਼ਨਕਾਰੀਆਂ ਦਾ ਇੱਕ ਗਰੁੱਪ ਉਨ੍ਹਾਂ ਦੀ ਦੁਕਾਨ ਬੰਦ ਕਰਵਾਉਣ ਲਈ ਆਇਆ ਸੀ। ਇਸੇ ਦੌਰਾਨ ਕੁੱਝ ਸ਼ਰਾਰਤੀ ਅੰਸਰਾਂ ਨੇ ਦੁਕਾਨ ਦੇ ਬਾਹਰ ਪਈ ਲਗਭਗ 2,500 ਰੁਪਏ ਕੀਮਤ ਦੀ ਚੀਨੀ ਦੀ ਬੋਰੀ ਚੁੱਕ ਲਈ ਅਤੇ ਚਲਦੇ ਬਣੇ।
ਦੁਕਾਨ ਦੇ ਮਾਲਕ ਨੇ ਹੱਡ-ਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਨਾਮਧਾਰੀ ਸੰਪਰਦਾ ਨਾਲ ਸਬੰਧਤ ਹਨ ਅਤੇ ਖ਼ੁਦ ਵੀ ਵਾਲਮੀਕੀ ਭਾਈਚਾਰੇ ਦਾ ਹੀ ਹਿੱਸਾ ਹਨ। ਉਨ੍ਹਾਂ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਹ ਹਮੇਸ਼ਾ ਆਪਣੇ ਸਮਾਜ ਦੇ ਹਰ ਧਰਨੇ-ਪ੍ਰਦਰਸ਼ਨ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਹਨ, ਪਰ ਬੰਦ ਦੀ ਆੜ ਵਿੱਚ ਅਜਿਹੀਆਂ ਹਰਕਤਾਂ ਸਮਾਜ ਨੂੰ ਸ਼ਰਮਸਾਰ ਕਰਦੀਆਂ ਹਨ।
ਦੁਕਾਨਦਾਰ ਨੇ ਆਗੂਆਂ 'ਤੇ ਸਵਾਲ ਚੁੱਕਦਿਆਂ ਪੁੱਛਿਆ, "ਕੀ ਇਹ ਪ੍ਰਦਰਸ਼ਨ ਬਰਨਾਲਾ ਵਿੱਚ ਸਫ਼ਾਈ ਕਰਮਚਾਰੀਆਂ 'ਤੇ ਹੋਏ ਲਾਠੀਚਾਰਜ ਖ਼ਿਲਾਫ਼ ਇਨਸਾਫ਼ ਮੰਗਣ ਲਈ ਸੀ ਜਾਂ ਫਿਰ ਗਰੀਬ ਦੁਕਾਨਦਾਰਾਂ ਤੋਂ ਲੁੱਟਮਾਰ ਕਰਨ ਲਈ?"
ਦੂਜੇ ਪਾਸੇ, ਜਦੋਂ ਮਾਮਲੇ ਸਬੰਧੀ ਵਾਲਮੀਕੀ ਸਮਾਜ ਦੇ ਆਗੂ ਸ਼ਸ਼ੀ ਗਿੱਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਉਹ ਆਪਣੇ ਸਾਥੀਆਂ ਨਾਲ ਦੁਕਾਨ ਬੰਦ ਕਰਵਾਉਣ ਗਏ ਸਨ। ਹਾਲਾਂਕਿ, ਆਪਣੇ ਬਚਾਅ 'ਚ ਉਨ੍ਹਾਂ ਅਜੀਬ ਤਰਕ ਦਿੰਦਿਆਂ ਕਿਹਾ ਕਿ ਦੁਕਾਨਦਾਰ ਨੇ ਉਨ੍ਹਾਂ ਨੂੰ ਇਹ ਕਹਿ ਕੇ ਚੁਣੌਤੀ ਦਿੱਤੀ ਸੀ ਕਿ "ਦੁਕਾਨ ਬੰਦ ਕਰਵਾ ਕੇ ਤੇ ਕੁੱਝ ਚੁੱਕ ਕੇ ਦਿਖਾਓ", ਜਿਸ ਤੋਂ ਬਾਅਦ ਗੁੱਸੇ 'ਚ ਆ ਕੇ ਉਨ੍ਹਾਂ ਦੇ ਇੱਕ ਸਾਥੀ ਨੇ ਚੀਨੀ ਦੀ ਬੋਰੀ ਚੁੱਕ ਲਈ।
Get all latest content delivered to your email a few times a month.